ਸ੍ਰੀ ਮੁਕਤਸਰ ਸਾਹਿਬ, 30 ਨਵੰਬਰ (ਵਿਪਨ ਕੁਮਾਰ ਮਿਤੱਲ) ਆਜ਼ਾਦੀ ਦੇ 76 ਸਾਲ ਬਾਅਦ ਦੇਸ਼ ਦੇ ਚੀਫ਼ ਜਸਟਿਸ ਵਾਈ.ਬੀ. ਚੰਦਰਚੂੜ ਦੇ ਕਾਰਜ ਕਾਲ ਦੌਰਾਨ ਸੁਪਰੀਮ ਕੋਰਟ ਕੰਪਲੈਕਸ ਵਿਚ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਆਦਮ ਬੁੱਤ ਸਥਾਪਤ ਕੀਤਾ ਗਿਆ ਹੈ। ਵਕੀਲ ਦੇ ਰੂਪ ਨੂੰ ਦਰਸਾਉਂਦੇ ਇਸ ਬੁੱਤ ਦਾ ਉਦਘਾਟਨ ਪਿਛਲੇ ਦਿਨੀਂ ਸੰਵਿਧਾਨ ਦਿਵਸ ਮੌਕੇ ਛੱਬੀ ਨਵੰਬਰ ਨੂੰ ਦੇਸ਼ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਸੀ। ਜਿਕਰਯੋਗ ਹੈ ਕਿ ਭਾਰਤ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਵਿਦਵਾਨ ਡਾ. ਅੰਬੇਡਕਰ ਨੇ ਦੁਨੀਆ ਭਰ ਦੇ ਸੰਵਿਧਾਨਾਂ ਦਾ ਡੂੰਘਾ ਅਧਿਐਨ ਕਰਕੇ ਸਾਡੇ ਦੇਸ਼ ਨੂੰ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਦਿੱਤਾ ਹੈ। ਇਸੇ ਸੰਵਿਧਾਨ ਅਨੁਸਾਰ ਹੀ ਰਿਜ਼ਰਵੇਸ਼ਨ ਅਤੇ ਹੋਰ ਮੌਲਿਕ ਅਧਿਕਾਰ ਦਿਤੇ ਗਏ ਹਨ। ਸਭਨਾਂ ਲਈ ਵੋਟ ਦਾ ਅਧਿਕਾਰ, ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ, ਇਸਤਰੀ ਮੁਲਾਜ਼ਮਾਂ ਲਈ ਮੈਟਰਨਿਟੀ ਲੀਵ (ਪ੍ਰਸੂਤਾ ਛੁੱਟੀ) ਅਤੇ ਮਜ਼ਦੂਰਾਂ ਲਈ ਕੰਮ ਕਰਨ ਦੇ ਘੰਟੇ ਨਿਸ਼ਚਤ ਕਰਨਾ ਡਾ. ਅੰਬੇਡਕਰ ਦੁਆਰਾ ਲਿਖਤ ਸੰਵਿਧਾਨ ਦੀ ਹੀ ਦੇਣ ਹਨ। ਡਾ. ਅੰਬੇਡਕਰ ਦੇਸ਼ ਦੇ ਮੰਨੇ ਪ੍ਰਮੰਨੇ ਵਕੀਲ ਸਨ ਜਿਸ ਕਰਕੇ ਉਹਨਾਂ ਦੀ ਇਸੇ ਦਿਖ ਨੂੰ ਪ੍ਰਦਰਸ਼ਿਤ ਕਰਦਾ ਬੁੱਤ ਸਥਾਪਤ ਕੀਤਾ ਗਿਆ ਹੈ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਟ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਸੁਪਰੀਮ ਕੋਰਟ ਕੰਪਲੈਕਸ ਅੰਦਰ ਡਾ. ਅੰਬੇਡਕਰ ਦਾ ਬੁੱਤ ਸਥਾਪਤ ਕੀਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਨੂੰ ਬੇਹੱਦ ਸ਼ਲਾਘਾਯੋਗ ਕਦਮ ਦੱਸਿਆ ਹੈ। ਉਨ੍ਹਾਂ ਨੇ ਮਹਾਨ ਵਿਦਵਾਨ ਡਾ. ਅੰਬੇਡਕਰ ਦੇ ਬੁੱਤ ਨੂੰ ਸੁਪਰੀਮ ਕੋਰਟ ਕੰਪਲੈਕਸ ਵਿਚ ਸਥਾਪਤ ਕੀਤੇ ਜਾਣ ਦੇ ਫੈਸਲੇ ਲਈ ਚੀਫ ਜਸਟਿਸ ਵਾਈ.ਬੀ. ਚੰਦਰਚੂੜ ਨੂੰ ਵਧਾਈ ਦਿਤੀ ਹੈ। ਉਨ੍ਹਾਂ ਕਿਹਾ ਹੈ ਕਿ ਚੀਫ਼ ਜਸਟਿਸ ਦੀ ਇਹ ਵਧੀਆ ਸੋਚ ਆਉਣ ਵਾਲੇ ਸਮੇਂ ਵਿਚ ਸਦਾ ਲਈ ਯਾਦ ਰੱਖੀ ਜਾਵੇਗੀ। ਸੁਪਰੀਮ ਕੋਰਟ ਕੰਪੈਲਕਸ ਵਿਖੇ ਬੁੱਤ ਸਥਾਪਤ ਕਰਕੇ ਸਰਵ ਉੱਚ ਅਦਾਲਤ ਨੇ ਡਾ. ਅੰਬੇਡਕਰ ਨੂੰ ਮਾਣ ਬਖਸ਼ਿਆ ਹੈ। ਪ੍ਰਧਾਨ ਢੋਸੀਵਾਲ ਨੇ ਇਹ ਵੀ ਕਿਹਾ ਹੈ ਕਿ ਸੰਵਿਧਾਨਕ ਸੋਧਾਂ ਦੇ ਬਹਾਨੇ ਸੰਵਿਧਾਨ ਨੂੰ ਖਤਮ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਰਚੀਆ ਜਾ ਰਹੀਆਂ ਹਨ ਅਤੇ ਸੰਵਿਧਾਨ ਨੂੰ ਬਚਾਉਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜੇ ਸਮੇਂ ਸਿਰ ਸੰਵਿਧਾਨ ਨੂੰ ਖਤਮ ਕਰਨ ਦੀ ਪ੍ਰਵਿਰਤੀ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ।