ਜ਼ਿਲ੍ਹਾ ਮੋਗਾ ਦੇ ਕਸਬਾ ਕੋਟ ਈਸੇ ਖਾਂ ਦੀ ਧੀ ਰਵਿੰਦਰ ਕੌਰ ਨੇ ਆਸਟਰੇਲਿਆਈ ਫ਼ੌਜ ਵਿਚ ਭਰਤੀ ਹੋ ਕੇ ਨਵਾਂ ਇਤਿਹਾਸ ਸਿਰਜ ਦਿਤਾ ਹੈ। ਰਵਿੰਦਰ ਕੌਰ ਵਿਧਾਨ ਸਭਾ ਹਲਕ ਧਮਕੋਟ ਦੇ ਪਿੰਡ ਪਿੰਡ ਜਾਨੀਆ ਦੇ ਧਰਮ ਸਿੰਘ ਸਾਬਕਾ ਪੰਚਾਇਤ ਮੈਂਬਰ ਅਤੇ ਸੁਖਵਿੰਦਰ ਕੌਰ ਦੀ ਹੋਣਹਾਰ ਧੀ ’ਤੇ ਪੂਰਾ ਪਿੰਡ ਮਾਣ ਮਹਿਸੂਸ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਰਵਿੰਦਰ ਕੌਰ ਨੇ ਅਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਕੀਤੀ ਅਤੇ ਉਸ ਦੇ ਬਾਅਦ ਉੱਚ ਪੜ੍ਹਾਈ ਲਈ ਵਿਦੇਸ਼ ਗਈ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਆਸਟਰੇਲੀਆ ਫ਼ੌਜ ਵਿਚ ਭਰਤੀ ਹੋਣ ਦਾ ਸੁਪਨਾ ਸਾਕਾਰ ਕਰ ਦਿਤਾ ਹੈ। ਰਵਿੰਦਰ ਕੌਰ ਦਾ ਕਹਿਣਾ ਹੈ ਕਿ ਇਹ ਸਫਲਤਾ ਉਸ ਦੀ ਮਾਪਿਆਂ ਦੀ ਪ੍ਰੇਰਨਾ ਅਤੇ ਸਿਖਲਾਈ ਦਾ ਨਤੀਜਾ ਹੈ, ਜਿਨ੍ਹਾਂ ਨੇ ਹਰ ਪਲ ਉਸ ਦਾ ਸਾਥ ਦਿਤਾ ਅਤੇ ਹੌਸਲਾ ਵਧਾਇਆ। ਰਵਿੰਦਰ ਕੌਰ ਦੀ ਇਸ ਪ੍ਰਾਪਤੀ ਨਾਲ ਪਿੰਡ ਦੇ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਇਕੱਤਰ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਰਵਿੰਦਰ ਨੇ ਪਿੰਡ ਅਤੇ ਸਾਰੇ ਖੇਤਰ ਦਾ ਮਾਣ ਵਧਾਇਆ ਹੈ। ਇਸ ਮੌਕੇ ਉਨ੍ਹਾਂ ਦੇ ਭਰਾ ਨਿਰਮਲ ਸਿੰਘ ਜੋ ਪੰਜਾਬ ਪੁਲਿਸ ਵਿਚ ਸੇਵਾ ਨਿਭਾਅ ਰਹੇ ਹਨ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਪਲ ਉਨ੍ਹਾਂ ਦੇ ਪਰਵਾਰ ਲਈ ਬਹੁਤ ਖ਼ੁਸ਼ੀ ਦਾ ਪਲ ਹੈ। ਉਨ੍ਹਾਂ ਕਿਹਾ ਕਿ ਰਵਿੰਦਰ ਨੇ ਸਿਰਫ਼ ਪਰਵਾਰ ਦਾ ਹੀ ਨਹੀਂ ਸਗੋਂ ਸਾਰੇ ਪਿੰਡ ਦਾ ਮਾਣ ਵਧਾਇਆ ਹੈ। ਆਸਟਰੇਲੀਆ ਫ਼ੌਜ ਵਿਚ ਭਰਤੀ ਹੋਣਾ ਸਿਰਫ਼ ਇਕ ਪ੍ਰਾਪਤੀ ਨਹੀਂ ਸਗੋਂ ਰਵਿੰਦਰ ਕੌਰ ਵਲੋਂ ਸਮੂਹ ਲੜਕੀਆਂ ਲਈ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਦਸਿਆ ਕਿ ਮਿਹਨਤ ਅਤੇ ਟੀਚਾ ਸਹੀ ਰੱਖਣ ਨਾਲ ਹਰ ਸਪਨਾ ਪੂਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਲੜਕੀਆਂ ਨੂੰ ਸਲਾਹ ਦਿਤੀ ਕਿ ਉਹ ਆਪਣੇ ਟੇਲੈਂਟ ਨੂੰ ਕਦੇ ਵੀ ਘਟਿਆ ਨਾ ਸਮਝਣ ਅਤੇ ਹਮੇਸ਼ਾ ਵੱਡੇ ਲੱਖਾਂ ਪਾਉਣ ਲਈ ਯਤਨਸ਼ੀਲ ਰਹਿਣ।