ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ’ਚ ਅਪਣੇ ਕੰਮਾਂ ਲਈ ਦੇਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦਾ ਕੰਮ ਨਿਰਧਾਰਤ ਸਮੇਂ ’ਤੇ ਪੂਰਾ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਰ ਵਿੱਚ ‘ਮੁੱਖ ਮੰਤਰੀ ਸਹਾਇਤਾ ਕੇਂਦਰ’ ਜਾਂ CM Window ਸਥਾਪਤ ਕੀਤੇ ਹਨ। ਇਸ ਦਾ ਮੁੱਖ ਮੰਤਵ ਲੋਕਾਂ ਨੂੰ ਸਰਕਾਰੀ ਦਫ਼ਤਰਾਂ ’ਚ ਹੋਣ ਵਾਲੀ ਖੱਜਲ ਖੁਆਰੀ ਤੋਂ ਨਿਜਾਤ ਦਿਵਾਉਣਾ ਹੈ। ਸਰਕਾਰ ਵੱਲੋਂ ਜੁਲਾਈ ਮਹੀਨੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ ਤਕ ਹਜ਼ਾਰਾਂ ਸ਼ਿਕਾਇਤਾਂ ਦਾ ਨਿਪਟਾਰਾ ਹੋ ਚੁੱਕਾ ਹੈ।

    ਇਸ ਪ੍ਰਬੰਧ ਅਧੀਨ ਪੰਜਾਬ ਦੇ ਕਈ ਵੱਡੇ ਸ਼ਹਿਰਾਂ ’ਚ ਕੈਬਿਨ ਬਣਾ ਕੇ ਇੱਕ ਵੱਖਰਾ ਸੈਗਮੈਂਟ ਬਣਾਇਆ ਗਿਆ ਜਿਸ ’ਚ ਲੋਕ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕੰਮ ਨਾ ਹੋਣ ਉੱਤੇ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹਨ। ਇਸ ਨੂੰ ਸਾਰੇ ਜ਼ਿਲ੍ਹਿਆਂ ’ਚ ਫੈਲਾਇਆ ਜਾ ਰਿਹਾ ਹੈ। ਜੇਕਰ ਸਰਕਾਰੀ ਦਫ਼ਤਰ ’ਚ ਕਿਸੇ ਵੀ ਵਿਅਕਤੀ ਨੂੰ ਅਪਣੇ ਕੰਮ ਕਰਵਾਉਣ ’ਚ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ CM Window ’ਚ ਜਾ ਸਕਦਾ ਹੈ। ਜੇਕਰ ਉਨ੍ਹਾਂ ਦੀ ਸ਼ਿਕਾਇਤ ਜ਼ਿਲ੍ਹਾ ਪੱਧਰ ’ਤੇ ਹੀ ਹੱਲ ਕੀਤੀ ਜਾ ਸਕਦੀ ਹੈ ਤਾਂ ਇਸ ਦਾ ਤੁਰਤ ਨਿਪਟਾਰਾ ਕੀਤਾ ਜਾਵੇਗਾ, ਜਦਕਿ ਜੇਕਰ ਮੰਤਰਾਲੇ ਰਾਹੀਂ ਇਸ ਦਾ ਨਿਪਟਾਰਾ ਕੀਤਾ ਜਾਣਾ ਹੈ ਤਾਂ ਸ਼ਾਮ ਤਕ ਇਹ ਮਾਮਲਾ ਮੁੱਖ ਮੰਤਰੀ ਦੇ ਡੈਸ਼ਬੋਰਡ ’ਤੇ ਭੇਜ ਦਿਤਾ ਜਾਂਦਾ ਹੈ।

    ਇਹੀ ਨਹੀਂ ਇਸ ਕੰਮ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਵੀ ਲਈ ਜਾਂਦੀ ਹੈ। ਮੁੱਖ ਮੰਤਰੀ ਏ.ਆਈ. ਦੀ ਮਦਦ ਨਾਲ ਸਰਕਾਰੀ ਦਫ਼ਤਰਾਂ ਦੇ ਕੰਮਕਾਜ ’ਤੇ ਨਜ਼ਰ ਰੱਖਣਗੇ। ਇਸ ਕੰਮ ਦੀ ਨਿਗਰਾਨੀ ਅਧਿਕਾਰੀ, ਮਾਰਸ਼ਲ ਅਤੇ ਵਿਧਾਇਕ ਖੁਦ ਕਰਦੇ ਹਨ। ਇਸ ਤੋਂ ਇਲਾਵਾ ਹੈਲਪ ਸੈਂਟਰ ਅਤੇ ਪੋਰਟਲ ਰਾਹੀਂ ਵੀ ਹੁਣ ਮੁੱਖ ਮੰਤਰੀ ਨੂੰ ਭੇਜੀਆਂ ਜਾ ਸਕਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਜ਼ਿਲ੍ਹਾ ਪੱਧਰ ਤੇ ਕੋਈ ਅਧਿਕਾਰੀ ਭ੍ਰਿਸ਼ਟਾਚਾਰ ਕਰਦਾ ਹੈ ਤਾਂ ਉਸ ਲਈ ਡੀ.ਸੀ. ਅਤੇ ਐਸ.ਐਸ.ਪੀ. ਜ਼ਿੰਮੇਵਾਰ ਹੋਣਗੇ।

    ਇਹੀ ਨਹੀਂ ਇਹ ਸਹਾਇਤਾ ਕੇਂਦਰ ਲੋਕਾਂ ਦਾ ਮਾਰਗਦਰਸ਼ਨ ਕਰਨਗੇ ਕਿ ਉਨ੍ਹਾਂ ਦੇ ਕੰਮ ਕਿੱਥੇ ਹੋਣਗੇ। ਇਹ ਇਕ ਚੁਸਤ ਪ੍ਰਕਿਰਿਆ ਹੈ ਤਾਕਿ ਲੋਕਾਂ ਨੂੰ ਸਰਕਾਰੀ ਦਫਤਰਾਂ ’ਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ‘ਸਰਕਾਰ ਤੁਹਾਡੇ ਦੁਆਰ’ ਕੈਂਪ ਆਦਿ ਵੀ ਪੰਜਾਬ ਸਰਕਾਰ ਵਲੋਂ ਲਗਾਏ ਗਏ ਜਿਸ ’ਚ ਵੱਖ-ਵੱਖ ਮਹਿਕਮਿਆਂ ਨੂੰ ਇਕ ਛੱਤ ਥੱਲੇ ਲਿਆ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਗਏ।