ਭਾਰਤ ਨੇ ਦੁਬਈ ਕ੍ਰਿਕਟ ਗਰਾਊਂਡ ‘ਤੇ ਖੇਡੀ ਗਈ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ‘ਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਜਿੱਥੇ ਭਾਰਤ ਫਾਈਨਲ ਵਿੱਚ ਪਹੁੰਚ ਗਿਆ ਹੈ, ਉਥੇ ਦੂਜੇ ਪਾਸੇ ਆਸਟਰੇਲੀਆ ਨੂੰ ਵਾਪਸੀ ਦੀ ਟਿਕਟ ਮਿਲ ਗਈ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ 2023 ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਜਿੱਤ ਲਈ 265 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਵਿਰਾਟ ਕੋਹਲੀ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਅਈਅਰ ਨੇ 94 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਇੰਡੀਆ ਦੀ ਜਿੱਤ ਦਾ ਮੰਚ ਤਿਆਰ ਕੀਤਾ।
ਭਾਰਤ ਲਈ ਵਿਰਾਟ ਕੋਹਲੀ ਨੇ 98 ਗੇਂਦਾਂ ‘ਚ 5 ਚੌਕਿਆਂ ਦੀ ਮਦਦ ਨਾਲ 84 ਦੌੜਾਂ ਬਣਾਈਆਂ, ਜਦਕਿ ਸ਼੍ਰੇਅਸ ਅਈਅਰ ਨੇ 45 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੇਐਲ ਰਾਹੁਲ ਨੇ ਅਜੇਤੂ 42 ਦੌੜਾਂ, ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ ਨੇ 28-28 ਦੌੜਾਂ ਦਾ ਯੋਗਦਾਨ ਪਾਇਆ। ਵਿਰਾਟ ਕੋਹਲੀ ਨੂੰ ਉਸ ਦੀ ਪਾਰੀ ਲਈ ਮੈਨ ਆਫ ਦਾ ਮੈਚ ਦਾ ਪੁਰਸਕਾਰ ਦਿੱਤਾ ਗਿਆ। ਭਾਰਤ ਦਾ ਸਾਹਮਣਾ ਹੁਣ ਫਾਈਨਲ ‘ਚ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ। ਇਹ ਮੈਚ 9 ਮਾਰਚ ਨੂੰ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸਟ੍ਰੇਲੀਆਈ ਟੀਮ ਨੇ 264 ਦੌੜਾਂ ਬਣਾਈਆਂ। ਸੈਮੀਫਾਈਨਲ ‘ਚ ਆਸਟ੍ਰੇਲੀਆ ਲਈ ਸਟੀਵ ਸਮਿਥ ਅਤੇ ਐਲੇਕਸ ਕੈਰੀ ਨੇ ਅਰਧ ਸੈਂਕੜੇ ਜੜੇ ਹਨ। ਸਟੀਵ ਸਮਿਥ ਨੇ 73 ਦੌੜਾਂ ਦੀ ਪਾਰੀ ਖੇਡੀ ਜਦਕਿ ਕੈਰੀ ਨੇ 61 ਦੌੜਾਂ ਬਣਾਈਆਂ। ਜਦੋਂ ਕਿ ਟ੍ਰੈਵਿਸ ਹੈੱਡ ਨੇ 39 ਦੌੜਾਂ ਦੀ ਪਾਰੀ ਖੇਡੀ ਅਤੇ ਲਾਬੂਸ਼ੇਨ ਨੇ 29 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਮੁਹੰਮਦ ਸ਼ਮੀ ਨੇ ਤਿੰਨ, ਵਰੁਣ ਚੱਕਰਵਰਤੀ ਅਤੇ ਰਵਿੰਦਰ ਜਡੇਜਾ ਨੇ ਦੋ-ਦੋ ਵਿਕਟਾਂ ਲਈਆਂ।