ਅਮਰੀਕਾ ‘ਚ ਜਾਰਜੀਆ ਦੇ ਲਿਥੋਨੀਆ ਸ਼ਹਿਰ ‘ਚ ਇਕ ਬੇਘਰ ਨਸ਼ੇੜੀ ਨੇ 25 ਸਾਲਾਂ ਭਾਰਤੀ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨਸ਼ੇੜੀ ਨੇ ਉਸ ਦੇ ਸਿਰ ‘ਤੇ ਕਰੀਬ 50 ਵਾਰ ਹਥੌੜੇ ਨਾਲ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਟਲਾਂਟਾ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਕੈਮਰੇ ‘ਚ ਰਿਕਾਰਡ ਹੋ ਗਈ, ਜਿਸ ‘ਚ ਹਮਲਾਵਰ ਜੂਲੀਅਨ ਫਾਕਨਰ ਭਾਰਤੀ MBA ਵਿਦਿਆਰਥੀ ਵਿਵੇਕ ਸੈਣੀ ਦੇ ਸਿਰ ‘ਤੇ ਹਥੌੜੇ ਨਾਲ 50 ਵਾਰ ਬੇਰਹਿਮੀ ਨਾਲ ਵਾਰ ਕਰਦਾ ਨਜ਼ਰ ਆ ਰਿਹਾ ਹੈ।
ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਟਵਿੱਟਰ ‘ਤੇ ਇੱਕ ਪੋਸਟ ਵਿੱਚ ਕਿਹਾ, “ਅਸੀਂ ਭਾਰਤੀ ਵਿਦਿਆਰਥੀ ਵਿਵੇਕ ਸੈਣੀ ਦੀ ਮੌਤ ਦੇ ਨਤੀਜੇ ਵਜੋਂ ਹੋਈ ਭਿਆਨਕ, ਜ਼ਾਲਮ ਅਤੇ ਘਿਨਾਉਣੀ ਘਟਨਾ ਤੋਂ ਬਹੁਤ ਦੁਖੀ ਹਾਂ ਅਤੇ ਇਸ ਹਮਲੇ ਦੀ ਸਖ਼ਤ ਨਿੰਦਾ ਕਰਦੇ ਹਾਂ।” ਜਾਣਕਾਰੀ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦੂਤਾਵਾਸ ਨੇ ਘਟਨਾ ਤੋਂ ਤੁਰੰਤ ਬਾਅਦ ਸੈਣੀ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਲਾਸ਼ ਨੂੰ ਭਾਰਤ ਭੇਜਣ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਐਤਵਾਰ ਨੂੰ ਮੀਡੀਆ ਰਿਪੋਰਟਾਂ ਮੁਤਾਬਕ ਸੈਣੀ ਉਸ ਸਟੋਰ ਵਿੱਚ ਪਾਰਟ-ਟਾਈਮ ਕਲਰਕ ਵਜੋਂ ਕੰਮ ਕਰਦਾ ਸੀ ਜਿੱਥੇ ਫਾਕਨਰ ਨੇ ਪਨਾਹ ਲਈ ਸੀ।
ਰਿਪੋਰਟ ਮੁਤਾਬਕ ਸੈਣੀ ਨੇ ਫਾਕਨਰ ਨੂੰ ਠੰਡ ਤੋਂ ਬਚਾਉਣ ਲਈ ਚਿਪਸ, ਕੋਕ, ਪਾਣੀ ਅਤੇ ਇਕ ਜੈਕਟ ਦੇ ਕੇ ਉਸ ਦੀ ਮਦਦ ਕੀਤੀ ਪਰ ਬਾਅਦ ਵਿਚ ਸੁਰੱਖਿਆ ਚਿੰਤਾਵਾਂ ਕਾਰਨ ਉਸ ਨੇ ਫਾਕਨਰ ਨੂੰ ਉਥੋਂ ਚਲੇ ਜਾਣ ਦੀ ਬੇਨਤੀ ਕੀਤੀ। ਸੈਣੀ ਨੇ ਫਾਕਨਰ ਨੂੰ ਕਿਹਾ ਕਿ ਜੇ ਉਹ ਉਥੋਂ ਨਾ ਨਿਕਲਿਆ ਤਾਂ ਉਹ ਪੁਲਿਸ ਨੂੰ ਬੁਲਾਏਗਾ। ਸੈਣੀ 16 ਜਨਵਰੀ ਨੂੰ ਆਪਣੇ ਘਰ ਜਾ ਰਿਹਾ ਸੀ ਕਿ ਫਾਕਨਰ ਨੇ ਉਸ ‘ਤੇ ਹਮਲਾ ਕਰ ਦਿੱਤਾ। ਮੌਕੇ ‘ਤੇ ਪੁਲਿਸ ਨੇ ਸੈਣੀ ਦੀ ਲਾਸ਼ ‘ਤੇ ਫਾਕਨਰ ਨੂੰ ਖੜ੍ਹਾ ਦੇਖਿਆ। ਬੀ.ਟੈੱਕ ਕਰਨ ਤੋਂ ਬਾਅਦ ਦੋ ਸਾਲ ਪਹਿਲਾਂ ਅਮਰੀਕਾ ਆਏ ਸੈਣੀ ਨੇ ਹਾਲ ਹੀ ਵਿੱਚ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਸੀ। ਇਸ ਬੇਰਹਿਮੀ ਨਾਲ ਵਾਪਰੀ ਘਟਨਾ ਤੋਂ ਬਾਅਦ ਹਰਿਆਣਾ ‘ਚ ਰਹਿ ਰਹੇ ਸੈਣੀ ਦਾ ਪਰਿਵਾਰ ਸੋਗ ‘ਚ ਹੈ। ਉਸ ਦੇ ਪਿਤਾ ਗੁਰਜੀਤ ਸਿੰਘ ਅਤੇ ਮਾਤਾ ਲਲਿਤਾ ਸੈਣੀ ਇਸ ਘਟਨਾ ਬਾਰੇ ਕਿਸੇ ਨਾਲ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਨ।
ਉਸ ਨੇ 26 ਜਨਵਰੀ ਨੂੰ ਭਾਰਤ ਵਿੱਚ ਛੁੱਟੀ ਦੌਰਾਨ ਆਪਣੇ ਘਰ ਆਉਣਾ ਸੀ। ਅਮਰੀਕਾ ‘ਚ ਵਿਵੇਕ ਸੈਣੀ ਨਾਲ ਕੰਮ ਕਰ ਰਹੇ ਉਸ ਦੇ ਦੋਸਤ ਨੇ ਦੱਸਿਆ ਕਿ ਦੋਸ਼ੀ ਵਿਵੇਕ ਤੋਂ ਤਿੰਨ-ਚਾਰ ਦਿਨਾਂ ਤੱਕ ਮੁਫਤ ਖਾਣ-ਪੀਣ ਦਾ ਸਮਾਨ ਲੈਂਦਾ ਸੀ। ਇਕ ਦਿਨ ਦਾ ਸਾਮਾਨ ਮੁਫਤ ਵਿਚ ਦੇਣ ਤੋਂ ਬਾਅਦ ਉਹ ਹਰ ਰੋਜ਼ ਉਹੀ ਮੁਫਤ ਸਾਮਾਨ ਲੈਣ ਲਈ ਆਉਂਦਾ ਸੀ ਪਰ 14 ਜਨਵਰੀ ਨੂੰ ਵਿਵੇਕ ਸੈਣੀ ਨੇ ਅਪਰਾਧੀ ਨੂੰ ਮੁਫਤ ਵਿਚ ਸਾਮਾਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਕਾਰਨ ਕਰੀਬ 25 ਸਾਲਾ ਬੇਘਰੇ ਅਪਰਾਧੀ ਨੇ ਕਤਲ ਦੀ ਯੋਜਨਾ ਬਣਾ ਕੇ ਵਿਵੇਕ ਸੈਣੀ ‘ਤੇ ਹਥੌੜੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ‘ਤੇ ਲਗਾਤਾਰ ਵਾਰ ਕਰਦਾ ਰਿਹਾ।