16 ਸਾਲ ਦੀ ਕਾਮਿਆ ਕਾਰਤੀਕੇਯਨ (Kaamya Karthikeyan) ਨੇਪਾਲ ਵਾਲੇ ਪਾਸਿਓਂ ਮਾਊਂਟ ਐਵਰੈਸਟ (Mount Everest)  ‘ਤੇ ਚੜ੍ਹਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਕੁੜੀ ਬਣ ਗਈ ਹੈ।  ਮੁੰਬਈ ਦੇ ਨੇਵੀ ਚਿਲਡਰਨ ਸਕੂਲ ਦੀ ਵਿਦਿਆਰਥਣ ਕਾਮਿਆ ਕਾਰਤੀਕੇਅਨ ਨੇ 20 ਮਈ ਨੂੰ ਮਾਉਂਟੇਨ ਕਲਾਇੰਬਿੰਗ ਦੇ ਇਤਿਹਾਸ ਵਿੱਚ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ।

    ਕਾਮਿਆ ਨੇ ਭਾਰਤੀ ਜਲ ਸੈਨਾ ਦੇ ਇੱਕ ਅਧਿਕਾਰੀ ਕਮਾਂਡਰ ਐਸ ਕਾਰਤੀਕੇਅਨ ਦੇ ਨਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਸਫਲਤਾਪੂਰਵਕ ਚੜ੍ਹਾਈ ਕੀਤੀ। ਇਸ ਨਾਲ ਕਾਮਿਆ ਮਾਊਂਟ ਐਵਰੈਸਟ ਦੀ ਚੋਟੀ ‘ਤੇ ਪਹੁੰਚਣ ਵਾਲੀ ਸਭ ਤੋਂ ਘੱਟ ਉਮਰ ਦੀ ਭਾਰਤੀ ਅਤੇ ਦੁਨੀਆ ਦੀ ਦੂਜੀ ਸਭ ਤੋਂ ਘੱਟ ਉਮਰ ਦੀ ਲੜਕੀ ਬਣ ਗਈ ਹੈ।

    ਕਾਮਿਆ ਹੁਣ ਤੱਕ ਸੱਤ ਮਹਾਂਦੀਪਾਂ ਵਿੱਚੋਂ ਛੇ ਦੀਆਂ ਸਭ ਤੋਂ ਉੱਚੀਆਂ ਚੋਟੀਆਂ ‘ਤੇ ਚੜ੍ਹਾਈ ਕਰ ਚੁੱਕੀ ਹੈ। ਪਰਬਤਾਰੋਹੀ ਪ੍ਰਤਿ ਕਾਮਿਆ ਦਾ ਜਨੂੰਨ ਛੋਟੀ ਉਮਰ ਤੋਂ ਹੀ ਸ਼ੁਰੂ ਹੋ ਗਿਆ ਸੀ। ਸਿਰਫ਼ ਨੌਂ ਸਾਲ ਦੀ ਉਮਰ ਵਿੱਚ ਕਾਮਿਆ ਨੇ 2017 ਵਿੱਚ ਭਾਰਤੀ ਹਿਮਾਲਿਆ ਵਿੱਚ 20,180 ਫੁੱਟ ਦੀ ਉਚਾਈ ‘ਤੇ ਸਥਿਤ ਚੋਟੀ ਮਾਊਂਟ ਸਟੋਕ ਕਾਂਗਰੀ ‘ਤੇ ਚੜ੍ਹ ਕੇ ਆਪਣੀ ਪਰਬਤਾਰੋਹੀ ਯਾਤਰਾ ਦੀ ਸ਼ੁਰੂਆਤ ਕੀਤੀ।

    ਇਸ ਤੋਂ ਇਲਾਵਾ 2016 ਵਿਚ ਕਾਮਿਆ ਨੇ ਹਰ-ਕੀ-ਦੂਨ (13,500 ਫੁੱਟ), ਕੇਦਾਰਨਾਥ ਪੀਕ (13,500 ਫੁੱਟ) ਅਤੇ ਰੂਪਕੁੰਡ ਝੀਲ (16,400 ਫੁੱਟ) ‘ਤੇ ਚੜ੍ਹਾਈ ਕੀਤੀ, ਜਿਸ ਨਾਲ ਪਹਾੜਾਂ ਪ੍ਰਤਿ ਉਸ ਦਾ ਇਰਾਦਾ ਅਤੇ ਪਿਆਰ ਹੋਰ ਵੱਧਦਾ ਗਿਆ। ਇਨ੍ਹਾਂ ਸ਼ੁਰੂਆਤੀ ਤਜ਼ਰਬਿਆਂ ਨੇ ਅੱਜ ਕਾਮਿਆ ਦੀਆਂ ਭਵਿੱਖ ਦੀਆਂ ਪ੍ਰਾਪਤੀਆਂ ਦੀ ਨੀਂਹ ਰੱਖੀ।

     

    ਐਵਰੈਸਟ ਬੇਸ ਕੈਂਪ ਤੱਕ ਟ੍ਰੈਕਿੰਗ

    ਕਾਮਿਆ ਨੇ ਇਸ ਤੋਂ ਪਹਿਲਾਂ ਨੇਪਾਲ ਵਿਚ ਐਵਰੈਸਟ ਬੇਸ ਕੈਂਪ ਦੀ ਯਾਤਰਾ ਕੀਤੀ ਸੀ, ਜੋ ਕਿ 17,600 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਇਸ ਪ੍ਰਾਪਤੀ ਨਾਲ ਉਹ ਬੇਸ ਕੈਂਪ ਤੱਕ ਪਹੁੰਚਣ ਵਾਲੀ ਦੂਜੀ ਸਭ ਤੋਂ ਛੋਟੀ ਕੁੜੀ ਬਣ ਗਈ ਸੀ। ਬੇਸ ਕੈਂਪ ਟ੍ਰੈਕ ਬਹੁਤ ਮੁਸ਼ਕਲ ਸਫ਼ਰ ਹੈ। 2019 ਵਿੱਚ, ਕਾਮਿਆ ਨੇ ਹਿਮਾਚਲ ਪ੍ਰਦੇਸ਼ ਵਿੱਚ ਭ੍ਰਿਗੂ ਝੀਲ ਤੱਕ ਟ੍ਰੈਕਿੰਗ ਕੀਤੀ, ਜੋ ਕਿ 14,100 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਇਸ ਪ੍ਰਾਚੀਨ ਝੀਲ ਦੀ ਯਾਤਰਾ ਨੇ ਉਸ ਦੇ ਹੁਨਰ ਨੂੰ ਹੋਰ ਨਿਖਾਰਿਆ।  8 ਸਤੰਬਰ, 2023 ਨੂੰ ਕਾਮਿਆ ਨੇ ਲੱਦਾਖ ਵਿੱਚ 6,450 ਮੀਟਰ (21,161 ਫੁੱਟ) ਉੱਚੀ ਤਕਨੀਕੀ ਚੋਟੀ ਮਾਊਂਟ ਕਾਂਗ ਯਤਸੇ-1 ਉੱਤੇ ਭਾਰਤੀ ਤਿਰੰਗਾ ਲਹਿਰਾ ਕੇ ਆਪਣੀਆਂ ਪ੍ਰਾਪਤੀਆਂ ਦੀ ਸੂਚੀ ਨੂੰ ਹੋਰ ਵੱਡਾ ਕਰ ਦਿੱਤਾ। ਇਸ ਪ੍ਰਾਪਤੀ ਦੇ ਨਾਲ ਕਾਮਿਆ ਇਸ ਚੋਟੀ ‘ਤੇ ਚੜ੍ਹਨ ਵਾਲੀ ਸਭ ਤੋਂ ਛੋਟੀ ਉਮਰ ਦੀ ਲੜਕੀ ਹੈ।

     ਪਿਤਾ ਨੇ ਬਾਖੂਬੀ ਦਿੱਤਾ ਸਾਥ

    ਪਰਬਤ ਦੀ ਚੜ੍ਹਾਈ ਵਿੱਚ ਕਾਮਿਆ ਦੀਆਂ ਪ੍ਰਾਪਤੀਆਂ ਵਿੱਚ ਕੋਈ ਕਮੀ ਨਹੀਂ ਹੈ। ਕਾਮਿਆ ਨੂੰ ਸਰਵਉੱਚ ਨਾਗਰਿਕ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹਾਲਾਂਕਿ ਮਾਊਂਟ ਐਵਰੈਸਟ ਦੀ ਇਸ ਯਾਤਰਾ ਦੌਰਾਨ ਉਨ੍ਹਾਂ ਦੇ ਪਿਤਾ ਕਮਾਂਡਰ ਸ. ਕਾਰਤੀਕੇਅਨ ਨੇ ਪਹਾੜ ਦੀ ਚੜ੍ਹਾਈ ਵਿੱਚ ਵੱਡੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਟਾਟਾ ਸਟੀਲ ਐਡਵੈਂਚਰ ਫਾਊਂਡੇਸ਼ਨ ਨੇ ਵੀ ਕਾਮਿਆ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ।