ਵਾਸ਼ਿੰਗਟਨ,  ਕੌਮਾਂਤਰੀ ਮੁਦਰਾ ਫੰਡ (IMF) ਨੇ ਮੰਗਲਵਾਰ ਨੂੰ ਘਰੇਲੂ ਮੰਗ ਵਧਣ ਅਤੇ ਕੰਮਕਾਜੀ ਉਮਰ ਦੀ ਵਧਦੀ ਆਬਾਦੀ ਦਾ ਜ਼ਿਕਰ ਕਰਦੇ ਹੋਏ ਸਾਲ 2024 ਵਾਸਤੇ ਭਾਰਤ ਦੀ ਵਿਕਾਸ ਦਰ ਦਾ ਅਨੁਮਾਨ 6.5 ਫ਼ੀਸਦ ਤੋਂ ਵਧਾ ਕੇ 6.8 ਫ਼ੀਸਦ ਕਰ ਦਿੱਤਾ। ਇਸ ਤਰ੍ਹਾਂ ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧ ਰਿਹਾ ਅਰਥਚਾਰਾ ਬਣਿਆ ਹੋਇਆ ਹੈ। ਇਸੇ ਸਮੇਂ ਦੌਰਾਨ ਚੀਨ ਦੀ ਆਰਥਿਕ ਵਿਕਾਸ ਦਰ 4.6 ਫ਼ੀਸਦ ਰਹਿਣ ਦਾ ਅਨੁਮਾਨ ਹੈ।

    IMF ਨੇ ਵਿਸ਼ਵ ਆਰਥਿਕ ਨਜ਼ਰੀਆ (ਵਰਲਡ ਇਕਨੌਮਿਕ ਆਊਟਲੁੱਕ) ਦੇ ਤਾਜ਼ਾ ਅੰਕ ਵਿਚ ਕਿਹਾ, “ਭਾਰਤ ਵਿਚ ਵਿਕਾਸ ਦਰ ਸਾਲ 2024 ਵਿਚ 6.8 ਫ਼ੀਸਦ ਅਤੇ 2025 ਵਿਚ 6.5 ਫ਼ੀਸਦ ਰਹਿਣ ਦਾ ਅਨੁਮਾਨ ਹੈ। ਘਰੇਲੂ ਮੰਗ ਵਿਚ ਲਗਾਤਾਰ ਮਜ਼ਬੂਤੀ ਅਤੇ ਕੰਮਕਾਜੀ ਉਮਰ ਦੀ ਵਧਦੀ ਆਬਾਦੀ ਕਾਰਨ ਇਸ ਤੇਜ਼ੀ ਨੂੰ ਮਜ਼ਬੂਤੀ ਮਿਲ ਸਕਦੀ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਨੇ ਇਹ ਰਿਪੋਰਟ IMF ਅਤੇ ਵਿਸ਼ਵ ਬੈਂਕ ਦੀ ਸਾਲਾਨਾ ਬਸੰਤ ਮੀਟਿੰਗਾਂ ਤੋਂ ਪਹਿਲਾਂ ਜਾਰੀ ਕੀਤੀ ਹੈ।

     

    ਰਿਪੋਰਟ ਮੁਤਾਬਕ, ਉੱਭਰਦੇ ਤੇ ਵਿਕਾਸਸ਼ੀਲ ਏਸ਼ੀਆ ਵਿਚ ਵਿਕਾਸ ਦਰ ਪਿਛਲੇ ਸਾਲ ਦੇ ਅਨੁਮਾਨਿਤ 5.6 ਫ਼ੀਸਦ ਤੋਂ ਘੱਟ ਕੇ ਸਾਲ 2024 ਵਿਚ 5.2 ਫ਼ੀਸਦ ਅਤੇ 2025 ਵਿਚ 4.9 ਫ਼ੀਸਦ ਰਹਿਣ ਦਾ ਅਨੁਮਾਨ ਹੈ। ਇਹ ਅਨੁਮਾਨ ਜਨਵਰੀ ਵਿਚ ਲਗਾਏ ਗਏ ਅਨੁਮਾਨ ਦੇ ਮੁਕਾਬਲੇ ਕੁਝ ਬਿਹਤਰ ਹੈ। ਆਈਐੱਮਐੱਫ ਨੇ ਆਪਣੀ ਜਨਵਰੀ ਦੀ ਰਿਪੋਰਟ ਵਿਚ 2024 ਵਾਸਤੇ ਭਾਰਤ ਦੀ ਵਿਕਾਸ ਦਰ 6.5 ਫ਼ੀਸਦ ਰਹਿਣ ਦਾ ਅਨੁਮਾਨ ਲਾਇਆ ਸੀ। ਇਸ ਦੇ ਨਾਲ ਹੀ ਮੁਦਰਾ ਫੰਡ ਨੇ ਚੀਨ ਵਿਚ ਵਿਕਾਸ ਦਰ 2023 ਦੇ 5.2 ਫ਼ੀਸਦ ਦੇ ਮੁਕਾਬਲੇ ਢਿੱਲੀ ਪੈ ਕੇ ਇਸ ਸਾਲ 4.6 ਫ਼ੀਸਦ ਅਤੇ 2025 ਵਿੱਚ 4.1 ਫ਼ੀਸਦ ਰਹਿਣ ਦਾ ਅਨੁਮਾਨ ਲਗਾਇਆ ਹੈ।