ਭਾਰਤ ਨੇ ਆਬਾਦੀ ਦੇ ਮਾਮਲੇ ਵਿਚ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਦੇਸ਼ ਦੀ ਆਬਾਦੀ ਬਾਰੇ ਸੰਯੁਕਤ ਰਾਸ਼ਟਰ ਦੀ ਏਜੰਸੀ ਯੂਐਨਐਫਪੀਏ ਦੀ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਭਾਰਤ ਦੀ ਕੁੱਲ ਆਬਾਦੀ 144.17 ਕਰੋੜ ਹੈ, ਜਦੋਂ ਕਿ 2011 ਵਿਚ ਹੋਈ ਮਰਦਮਸ਼ੁਮਾਰੀ ਦੌਰਾਨ ਇਸ ਦੀ ਆਬਾਦੀ 121 ਕਰੋੜ ਸੀ। ਜਦੋਂ ਕਿ ਚੀਨ ਦੀ ਆਬਾਦੀ ਹੁਣ 142.5 ਕਰੋੜ ਹੈ। ਇੰਨਾ ਹੀ ਨਹੀਂ, ਰਿਪੋਰਟ ਵਿਚ ਅਨੁਮਾਨ ਲਗਾਇਆ ਗਿਆ ਹੈ ਕਿ ਭਾਰਤ ਦੀ ਆਬਾਦੀ ਵੀ 77 ਸਾਲਾਂ ਵਿਚ ਦੁੱਗਣੀ ਹੋ ਜਾਵੇਗੀ।
ਰਿਪੋਰਟ ‘ਚ ਦੱਸਿਆ ਗਿਆ ਕਿ ਭਾਰਤ ‘ਚ ਮੌਤ ਦਰ ‘ਚ ਕਾਫ਼ੀ ਗਿਰਾਵਟ ਆਈ ਹੈ, ਜੋ ਦੁਨੀਆ ਭਰ ‘ਚ ਹੋਣ ਵਾਲੀਆਂ ਅਜਿਹੀਆਂ ਸਾਰੀਆਂ ਮੌਤਾਂ ‘ਚੋਂ 8 ਫ਼ੀਸਦੀ ‘ਤੇ ਆ ਗਈ ਹੈ। ਭਾਰਤ ਵਿਚ ਇਸ ਸਫ਼ਲਤਾ ਦਾ ਸਿਹਰਾ ਜਨਤਾ ਨੂੰ ਸਸਤੀਆਂ ਅਤੇ ਚੰਗੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਲਿੰਗ ਵਿਤਕਰੇ ਨੂੰ ਘਟਾਉਣ ਲਈ ਸਰਕਾਰ ਦੇ ਯਤਨਾਂ ਨੂੰ ਦਿੱਤਾ ਗਿਆ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ਲਗਭਗ 24 ਪ੍ਰਤੀਸ਼ਤ ਆਬਾਦੀ 0-14 ਸਾਲ ਦੀ ਉਮਰ ਵਰਗ ਵਿਚ ਹੈ, ਜਦੋਂ ਕਿ 17 ਪ੍ਰਤੀਸ਼ਤ 10-19 ਸਾਲ ਦੀ ਉਮਰ ਸਮੂਹ ਵਿਚ ਹੈ। ਰਿਪੋਰਟ ਵਿਚ ਇਹ ਵੀ ਅੰਦਾਜ਼ਾ ਲਗਾਇਆ ਗਿਆ ਹੈ ਕਿ 26 ਫ਼ੀਸਦੀ ਲੋਕ 10-24 ਸਾਲ ਦੀ ਉਮਰ ਦੇ ਹਨ ਜਦਕਿ 68 ਫ਼ੀਸਦੀ ਲੋਕ 15-64 ਸਾਲ ਦੀ ਉਮਰ ਦੇ ਹਨ। ਭਾਰਤ ਦੀ ਸੱਤ ਪ੍ਰਤੀਸ਼ਤ ਆਬਾਦੀ 65 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹੈ, ਮਰਦਾਂ ਲਈ 71 ਸਾਲ ਅਤੇ ਔਰਤਾਂ ਦੀ ਉਮਰ 74 ਸਾਲ ਹੈ।