ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) : ਸਥਾਨਿਕ ਆਰ ਐਸ ਡੀ ਕਾਲਜ ਵਿੱਚੋਂ ਅਧਿਆਪਕਾਂ ਨੂੰ ਕੱਢੇ ਜਾਣ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਸਖ਼ਤ ਕਾਰਵਾਈ ਕਰਦਿਆਂ ਕਾਲਜ ਦੀ ਮਾਨਤਾ ਰੱਦ ਕਰ ਦਿੱਤੀ ਸੀ ਅਤੇ ਮਾਣਯੋਗ ਹਾਈਕੋਰਟ ਵੱਲੋਂ ਵੀ ਕਾਲਜ ਨੂੰ ਅਧਿਆਪਕਾਂ ਨੂੰ ਵਾਪਸ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸ ਦੇ ਬਾਵਜੂਦ ਵੀ ਕਾਲਜ ਆਪਣੀ ਅੜੀ ‘ਤੇ ਹੈ ਅਤੇ ਅਜੇ ਤੱਕ ਅਧਿਆਪਕਾਂ ਨੂੰ ਕਾਲਜ ਵਿੱਚ ਦਾਖ਼ਲਾ ਨਹੀਂ ਦਿੱਤਾ ਹੈ। ਕਾਲਜ ਦੇ ਅੜੀਅਲ ਵਤੀਰੇ ਨੂੰ ਵੇਖਦੇ ਹੋਏ।

    ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਰਐਸਡੀ ਕਾਲਜ ਨੂੰ ਅੰਤਰ ਜ਼ੋਨਲ ਯੁਵਕ ਮੇਲੇ ਵਿੱਚ ਭਾਗ ਲੈਣ ਤੋਂ ਰੋਕਦੇ ਹੋਏ ਪੱਤਰ ਜਾਰੀ ਕਰ ਦਿੱਤਾ ਹੈ। ਜਾਰੀ ਕੀਤੇ ਗਏ ਇਸ ਪੱਤਰ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਇਸ ਕਾਲਜ ਦੇ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੀ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਨਹੀਂ ਲੈ ਸਕਣਗੇ। ਸਿੰਡੀਕੇਟ ਦੀ ਮੀਟਿੰਗ ਵਿੱਚ ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਗਿਆ ਹੈ ਕਿ ਕਾਲਜ ’ਤੇ ਰੈਗੂਲੇਸ਼ਨ 11.1 ਲਾਗੂ ਕਰ ਦਿੱਤਾ ਗਿਆ ਹੈ। ਜਦੋਂ ਤੱਕ ਯੂਨੀਵਰਸਿਟੀ ਦੁਆਰਾ ਰੈਗੂਲੇਸ਼ਨ 11.1 ਨੂੰ ਰੱਦ ਨਹੀਂ ਕੀਤਾ ਜਾਂਦਾ ਓਦੋ ਤੱਕ ਕਾਲਜ ਕਿਸੇ ਵੀ ਗਤੀਵਿਧੀ ਵਿਚ ਭਾਗ ਲੈਣ ਦੇ ਯੋਗ ਨਹੀਂ ਹੋਵੇਗਾ। ਇਸ ਵਿਚ ਹੀ ਅਧਿਆਪਕ ਜਥੇਬੰਦੀ ਏਯੂਸੀਟੀ ਵੱਲੋਂ ਯੂਨੀਵਰਸਿਟੀ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਗਿਆ ਹੈ। ਜਥੇਬੰਦੀ ਨੇ ਆਖਿਆ ਕਿ ਅਸੀਂ ਆਪਣੇ ਸਾਥੀਆਂ ਦੀ ਬਹਾਲੀ ਲਈ ਲੜਦੇ ਰਹਾਂਗੇ।

    ਓਧਰ ਕਾਲਜ ਦੇ ਇਸ ਅਜਿਹੇ ਵਿਹਾਰ ਨਾਲ 15 ਸੌ ਤੋਂ ਵੱਧ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ਵਿਚ ਨਜ਼ਰ ਆ ਰਿਹਾ ਹੈ ਜਿਸ ਨਾਲ ਵਿਦਿਆਰਥੀ ਅਤੇ ਮਾਪੇ ਫ਼ਿਕਰਮੰਦ ਹਨ।