ਇਜ਼ਰਾਈਲ-ਗਾਜ਼ਾ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਹੁਣ ਤਾਜ਼ਾ ਹਮਲੇ ਵਿਚ 100 ਤੋਂ ਵੱਧ ਫਲਸਤੀਨੀ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਜ਼ਰਾਈਲ ਨੇ ਗਾਜ਼ਾ ਸ਼ਹਿਰ ਦੇ ਕੇਂਦਰ ਵਿਚ ਇਕ ਸਕੂਲ ਉੱਤੇ ਹਮਲਾ ਕੀਤਾ, ਜਿਸ ਵਿੱਚ 100 ਤੋਂ ਵੱਧ ਫਲਸਤੀਨੀ ਮਾਰੇ ਗਏ।

    ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ ਸਕੂਲ ‘ਤੇ 3 ਰਾਕੇਟ ਉਸ ਸਮੇਂ ਡਿੱਗੇ ਜਦੋਂ ਲੋਕ ਸਵੇਰ ਦੀ ਨਮਾਜ਼ ਪੜ੍ਹ ਰਹੇ ਸਨ। ਇਸ ਇਮਾਰਤ ਦੀ ਵਰਤੋਂ ਬੇਘਰ ਹੋਏ ਲੋਕਾਂ ਨੂੰ ਪਨਾਹ ਦੇਣ ਲਈ ਕੀਤੀ ਜਾ ਰਹੀ ਸੀ। ਗਾਜ਼ਾ ਸ਼ਹਿਰ ਦੇ ਦਰਾਜ਼ ਇਲਾਕੇ ‘ਚ ਅਲ-ਤਾਬਿਨ ਸਕੂਲ ‘ਤੇ ਇਜ਼ਰਾਇਲੀ ਹਮਲੇ ‘ਚ 100 ਤੋਂ ਵੱਧ ਲੋਕ ਮਾਰੇ ਗਏ ਹਨ।

    ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਜਿਸ ਸਕੂਲ ‘ਤੇ ਸ਼ਨੀਵਾਰ ਸਵੇਰੇ ਹਮਲਾ ਕੀਤਾ ਗਿਆ, ਉਹ ਹਮਾਸ ਦਾ ਮੁੱਖ ਦਫਤਰ ਸੀ ਅਤੇ ਉਥੇ ਅਤਿਵਾਦੀ ਮੌਜੂਦ ਸਨ। ਰਿਪੋਰਟ ਮੁਤਾਬਕ ਜਦੋਂ ਬੰਬਾਰੀ ਹੋਈ ਤਾਂ ਗਾਜ਼ਾ ਸ਼ਹਿਰ ਦੇ ਇਸ ਸਕੂਲ ਵਿੱਚ ਸਵੇਰ ਦੀ ਨਮਾਜ਼ ਅਦਾ ਕੀਤੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਤਿੰਨ ਤੋਂ ਵੱਧ ਰਾਕੇਟ ਦਾਗੇ ਗਏ, ਜਿਸ ਨਾਲ 100 ਤੋਂ ਵੱਧ ਲੋਕ ਮਾਰੇ ਗਏ।

    ਸਥਾਨਕ ਮੀਡੀਆ ਮੁਤਾਬਕ ਸਕੂਲ ‘ਚ ਅੱਗ ਲੱਗ ਗਈ ਹੈ ਅਤੇ ਬਚਾਅ ਟੀਮਾਂ ਇਸ ਨੂੰ ਬੁਝਾਉਣ ਦਾ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ ਇਜ਼ਰਾਇਲੀ ਫੌਜ ਨੇ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਨੇ ਅਲ-ਤਾਬਿਨ ਸਕੂਲ ਦੇ ਅੰਦਰ ਸਥਿਤ ਮਿਲਟਰੀ ਕਮਾਂਡ ਹੈੱਡਕੁਆਰਟਰ ‘ਚ ਕੰਮ ਕਰ ਰਹੇ ਅਤਿਵਾਦੀਆਂ ‘ਤੇ ਹਮਲਾ ਕੀਤਾ ਸੀ। ਫੌਜ ਨੇ ਦਾਅਵਾ ਕੀਤਾ ਹੈ ਕਿ ਨਾਗਰਿਕਾਂ ‘ਤੇ ਹਮਲਾ ਨਹੀਂ ਕੀਤਾ ਗਿਆ।