ਭਾਰਤੀ-ਅਮਰੀਕੀ ਵਕੀਲ ਜਯਾ ਬਡਿਗਾ ਨੂੰ ਕੈਲੀਫ਼ੋਰਨੀਆ ਵਿਚ ਸੈਕਰਾਮੈਂਟੋ ਕਾਉਂਟੀ ਦੀ ਹਾਈ ਕੋਰਟ ਵਿਚ ਜੱਜ ਨਿਯੁਕਤ ਕੀਤਾ ਗਿਆ ਹੈ। ਕੈਲੀਫ਼ੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਬਡਿਗਾ ਨੂੰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ, ਉਹ 2022 ਤੋਂ ਸੈਕਰਾਮੈਂਟੋ ਕਾਉਂਟੀ ਦੇ ਸੁਪੀਰੀਅਰ ਕੋਰਟ ਵਿਚ ਕਮਿਸ਼ਨਰ ਵਜੋਂ ਕੰਮ ਕਰ ਚੁੱਕੀ ਹੈ। ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਸ਼ਹਿਰ ਵਿਚ ਪੈਦਾ ਹੋਏ ਬਡਿਗਾ, ਜਸਟਿਸ ਰੌਬਰਟ ਐਸ. ਲੈਫ਼ਮ, ਜੋ ਸੇਵਾਮੁਕਤ ਹੋ ਚੁੱਕੇ ਹਨ ਦੀ ਥਾਂ ਲਵੇਗੀ।
ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਬਡਿਗਾ ਨੇ 2020 ਵਿਚ ਕੈਲੀਫੋਰਨੀਆ ਦੇ ਸਿਹਤ ਸੰਭਾਲ ਸੇਵਾਵਾਂ ਵਿਭਾਗ ਅਤੇ 2018 ਵਿਚ ਕੈਲੀਫ਼ੋਰਨੀਆ ਦੇ ਗਵਰਨਰ ਦੇ ਦਫ਼ਤਰ ਐਮਰਜੈਂਸੀ ਸੇਵਾਵਾਂ ਵਿਚ ਇਕ ਅਟਾਰਨੀ ਵਜੋਂ ਵੀ ਕੰਮ ਕੀਤਾ। ਸੈਕਰਾਮੈਂਟੋ ਕਾਉਂਟੀ ਪਬਲਿਕ ਲਾਅ ਲਾਇਬ੍ਰੇਰੀ ਅਨੁਸਾਰ, ਬਡਿਗਾ ਇਕ ਪ੍ਰਮਾਣਤ ਪਰਵਾਰਕ ਕਾਨੂੰਨ ਮਾਹਰ ਹੈ ਅਤੇ ਉਸ ਨੇ ਦਸ ਸਾਲਾਂ ਤੋਂ ਵੱਧ ਸਮਾਂ ਪਰਵਾਰਕ ਕਾਨੂੰਨ ਵਿਚ ਕੰਮ ਕੀਤਾ ਹੈ।ਇਸ ਦੌਰਾਨ, ਰਾਜਪਾਲ ਨੇ ਫ਼ਰਿਜ਼ਨੋ ਕਾਉਂਟੀ ਦੇ ਰਾਜ ਸਿੰਘ ਬਧੇਸ਼ਾ ਨੂੰ ਫ਼ਰਿਜ਼ਨੋ ਕਾਉਂਟੀ ਸੁਪੀਰੀਅਰ ਕੋਰਟ ਦਾ ਜੱਜ ਨਿਯੁਕਤ ਕੀਤਾ। ਬਧੇਸ਼ਾ ਜੱਜ ਜੌਹਨ ਐਨ. ਕਪੇਟਨ ਦੀ ਥਾਂ ਲੈਣਗੇ ਜੋ ਸੇਵਾਮੁਕਤ ਹੋ ਚੁੱਕੇ ਹਨ। ਉਹ 2022 ਤੋਂ ਫ਼ਰਿਜ਼ਨੋ ਸਿਟੀ ਅਟਾਰਨੀ ਦਫ਼ਤਰ ਵਿਚ ਚੀਫ਼ ਅਸਿਸਟੈਂਟ ਸਿਟੀ ਅਟਾਰਨੀ ਵਜੋਂ ਸੇਵਾ ਨਿਭਾ ਰਹੇ ਸੀ। ਉਨ੍ਹਾਂ ਨੇ 2012 ਤੋਂ ਵੱਖ-ਵੱਖ ਭੂਮਿਕਾਵਾਂ ਵਿਚ ਸੇਵਾਵਾਂ ਦਿਤੀਆਂ ਹਨ।‘ਫ਼ਾਕਸ ਨਿਊਜ਼’ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਰਿਪੋਰਟ ਦਿਤੀ ਸੀ ਕਿ ਬਧੇਸ਼ਾ, ਜੋ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਹਨ, ਫ਼ਰਿਜ਼ਨੋ ਕਾਉਂਟੀ ਬੈਂਚ ਵਿਚ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਉਹ ਕੈਲੀਫ਼ੋਰਨੀਆ ਵਿਚ ਦਸਤਾਰ ਸਜਾਉਣ ਵਾਲੇ ਪਹਿਲੇ ਸਿੱਖ ਜੱਜ ਵੀ ਹਨ।