ਹਰਿਆਣਾ ਦੇ ਝੱਜਰ ਵਿਚ ਗੈਂਗਸਟਰ ਕਾਲਾ ਜਠੇੜੀ ਦੇ ਸਾਥੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਨੂੰ ਵੀਰਵਾਰ ਸ਼ਾਮ ਨੂੰ ਝੱਜਰ ‘ਚ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਹਾਲਾਂਕਿ ਉਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ ਹਨ ਪਰ ਬਦਮਾਸ਼ਾਂ ਨੇ ਆਪਣੇ ਮੂੰਹ ਕੱਪੜਿਆਂ ਨਾਲ ਢੱਕੇ ਹੋਏ ਸਨ।
ਜਾਣਕਾਰੀ ਮੁਤਾਬਕ ਇਹ ਘਟਨਾ ਬਹਾਦੁਰਗੜ੍ਹ ਰੋਡ ‘ਤੇ ਸਥਿਤ ਹਨੂੰਮਾਨ ਮੰਦਰ ਨੇੜੇ ਵਾਪਰੀ। ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ। ਦਰਅਸਲ ਜੇਲ੍ਹ ‘ਚ ਬੰਦ ਕਾਲਾ ਜਠੇੜੀ ਦਾ ਕਰੀਬੀ ਅਨੁਜ ਯਾਦਵ ਇਥੇ ਪੰਜਾਬੀ ਰਸੋਈ ਦੇ ਕੋਲ ਪ੍ਰਾਪਰਟੀ ਦਾ ਕੰਮ ਕਰਦਾ ਸੀ ਅਤੇ ਇੱਥੇ ਆਪਣਾ ਦਫਤਰ ਖੋਲ੍ਹਿਆ ਹੋਇਆ ਸੀ।
ਘਟਨਾ ਦੌਰਾਨ ਅਨੁਜ ਦਫਤਰ ‘ਚ ਆਪਣੇ ਸਾਥੀਆਂ ਨਾਲ ਤਾਸ਼ ਖੇਡ ਰਿਹਾ ਸੀ ਅਤੇ ਹੁੱਕਾ ਪੀ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਆਏ ਅਤੇ ਅਨੁਜ ਦੇ ਦਫਤਰ ‘ਚ ਦਾਖਲ ਹੋ ਕੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰਾਂ ਨੇ ਅਨੁਜ ਯਾਦਵ ‘ਤੇ ਕਈ ਰਾਊਂਡ ਫਾਇਰ ਕੀਤੇ, ਜਿਸ ਕਾਰਨ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।
ਹਾਲਾਂਕਿ ਉਸ ਸਮੇਂ ਅਨੁਜ ਦੇ ਨਾਲ ਉਸ ਦੇ ਕਈ ਹੋਰ ਦੋਸਤ ਵੀ ਸਨ ਪਰ ਹਮਲਾਵਰਾਂ ਦਾ ਨਿਸ਼ਾਨਾ ਸਿਰਫ਼ ਅਨੁਜ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਅਨੁਜ ਯਾਦਵ ਨੂੰ ਤੁਰੰਤ ਸ਼ਹਿਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਝੱਜਰ ਸਿਟੀ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਪੁਲਿਸ ਮੌਕੇ ਉਤੇ ਪੁੱਜੀ। ਪੁਲਿਸ ਨੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਹੈ। ਸੂਚਨਾ ਤੋਂ ਬਾਅਦ ਪੁਲਿਸ ਵੱਲੋਂ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਪਰ ਹਮਲਾਵਰ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ ਕਰੀਬ ਇੱਕ ਦਰਜਨ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ।
ਐਫਐਸਐਲ ਟੀਮ ਨੇ ਵੀ ਮੌਕੇ ਦੀ ਜਾਂਚ ਕੀਤੀ ਹੈ। ਦੂਜੇ ਪਾਸੇ ਹਮਲਾਵਰਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਪੁਲੀਸ ਟੀਮਾਂ ਵੀ ਬਣਾਈਆਂ ਗਈਆਂ ਹਨ। ਹਮਲਾਵਰਾਂ ਦੀ ਗਿਣਤੀ ਤਿੰਨ ਤੋਂ ਚਾਰ ਹੋ ਸਕਦੀ ਹੈ।