ਜਲੰਧਰ (ਪਰਮਜੀਤ ਸਿੰਘ ਨੈਨਾ) : ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਅੱਜ ਅੰਮ੍ਰਿਤ ਵੇਲੇ ਦੇ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਵਿੱਚ ਪੰਜਾਬੀ ਲਿਖਾਰੀ ਸਭਾ ਵਲੋਂ ਦਰਬਾਰ ਸਜਾਇਆ ਗਿਆ। ਇਸ ਦੇ ਨਾਲ ਸਹਿਜ ਪਾਠਾਂ ਦੀ ਸੰਪੂਰਨਤਾ ਉਪਰੰਤ ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਪ੍ਰਸਿੱਧ ਵਿਦਵਾਨ ਲਿਖਾਰੀ ਗਿਆਨੀ ਰਣਧੀਰ ਸਿੰਘ ਸੰਭਲ ਜੀ ਨੇ ਵੀ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕੀਤੇ। ਪੰਜ ਬਾਣੀਆਂ ਦੇ ਨਿੱਤਨੇਮ ਅਤੇ ਕਥਾ ਕੀਰਤਨ ਉਪ੍ਰੰਤ ਹੋਏ ਕਵੀ ਦਰਬਾਰ ਵਿਚ ਮਾਸਟਰ ਮਹਿੰਦਰ ਸਿੰਘ ਅਨੇਜਾ, ਅਮਰ ਸਿੰਘ ਅਮਰ, ਕੁਲਵਿੰਦਰ ਸਿੰਘ ਗਾਖਲ, ਨਗੀਨਾ ਸਿੰਘ ਬਲੱਗਣ, ਮੇਜਰ ਕੁਲਦੀਪ ਸਿੰਘ, ਹਰਜਿੰਦਰ ਸਿੰਘ ਜਿੰਦੀ, ਗਿਆਨੀ ਤਰਸੇਮ ਸਿੰਘ ਅਤੇ ਇੰਦਰਪਾਲ ਸਿੰਘ ਅਰੋੜਾ ਨੇ ਆਪਣੀਆਂ ਰਚਨਾਵਾਂ ਦੁਆਰਾ ਸੰਗਤਾਂ ਨੂੰ ਸਰਸ਼ਾਰ ਕੀਤਾ। ਚਲ ਰਹੀ ਸਹਿਜ ਪਾਠਾਂ ਦੀ ਲੜੀ ਦੇ ਤਹਿਤ ਸ੍ਰ ਇੰਦਰਜੀਤ ਸਿੰਘ ਮੱਕੜ ਪ੍ਰਵਾਰ ਵਲੋਂ ਸਹਿਜ ਪਾਠਾਂ ਦੀ ਸੰਪੂਰਨਤਾ ਹੋਈ ਅਤੇ ਗੁਰੂ ਘਰ ਵਲੋਂ ਅਸੀਸਾਂ ਭਰਿਆ ਸਿਰੋਪਾਓ ਦੀ ਬਖਸ਼ਿਸ਼ ਨਾਲ ਸਨਮਾਨਿਤ ਕੀਤਾ ਗਿਆ। ਉਪਰੰਤ ਇੰਗਲੈਂਡ ਤੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨ ਲਈ ਪੁੱਜੇ ਪ੍ਰਸਿੱਧ ਵਿਦਵਾਨ ਲਿਖਾਰੀ ਗਿਆਨੀ ਰਣਧੀਰ ਸਿੰਘ ਸੰਭਲ ਜੀ ਨੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕਰਦਿਆਂ ਕਿਹਾ ਕਿ ਕਲਗੀਧਰ ਪਾਤਸ਼ਾਹ ਵਲੋਂ ਬਖਸ਼ੀ ਹੋਈ ਫਤਹਿ ਸਿੱਖ ਕੌਮ ਦੀ ਰਾਜਸੀ ਮਹੱਤਤਾ ਨੂੰ ਬਿਆਨ ਕਰਦੀ ਹੈ। ਦੁਨਿਆਵੀ ਔਹਦਿਆਂ ਤੋਂ ਉੱਤਮ ਪਾਤਸ਼ਾਹੀ ਫਤਹਿ ਹਰ ਸਿੱਖ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ।
ਪੰਜਾਬੀ ਲਿਖਾਰੀ ਸਭਾ ਵਲੋਂ ਮਹੀਨਾਵਾਰ ਕਵੀ ਦਰਬਾਰ
ਸੰਭਲ ਜੀ ਨੇ ਕਿਹਾ ਚਮਕੌਰ ਦੀ ਗੜ੍ਹੀ ਵਿੱਚ ਜਦ ਕਲਗੀਧਰ ਪਾਤਸ਼ਾਹ ਜੀ ਦੇ ਰਖਤੇ ਜਿਗਰ, ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਰਹੇ ਸਨ ਤਾਂ ਦਸਮੇਸ਼ ਪਿਤਾ ਜੀ ਨੇ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਹੋਏ ਬੁਲੰਦ ਆਵਾਜ਼ ਵਿੱਚ ਜੈਕਾਰਾ ਲਗਾਉਂਦੇ ਹੋਏ ਫਤਹਿ ਬੁਲਾਈ। ਗੁਰਦੁਆਰਾ ਸਾਹਿਬ ਵਲੋਂ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ‌‌‌ ਨੇ ਸੰਭਲ ਜੀ ਨੂੰ ਅਤੇ ਸਹਿਜਧਾਰੀ ਸਿੱਖ ਤੋਂ ਪੂਰਨ ਗੁਰਸਿੱਖ ਬਣੇ ਸ੍ਰ ਰਾਜਿੰਦਰ ਸਿੰਘ ਪਾਲੀ ਜੀ ਨੂੰ ਸਿਰੋਪਾਓ ਦੀ ਬਖਸ਼ਿਸ਼ ਨਾਲ ਨਿਵਾਜਿਆ।ਇਸ ਤੋਂ ਪਹਿਲਾਂ ਸ੍ਰ ਬੇਅੰਤ ਸਿੰਘ ਸਰਹੱਦੀ ਜੀ ਅਤੇ ਪ੍ਰਧਾਨ ਸ੍ਰ ਗੁਰਕ੍ਰਿਪਾਲ ਸਿੰਘ‌‌‌ ਜੀ ਨੇ ਵੀ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕੀਤੇ। ਦੀਵਾਨ ਦਾ ਅਨੰਦ ਮਾਣਦੇ ਹੋਏ ਸੰਗਤਾਂ ਵਿੱਚ ਹੋਰਨਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਰਹੇਜਾ, ਚਰਨਜੀਤ ਸਿੰਘ ਲੁਬਾਣਾ, ਬਲਵਿੰਦਰ ਸਿੰਘ ਹੇਅਰ, ਹਰਬੰਸ ਸਿੰਘ, ਗੁਰਜੀਤ ਸਿੰਘ ਪੋਪਲੀ, ਪ੍ਰਵਿੰਦਰ ਸਿੰਘ ਖਾਸਰੀਆ ਆਦਿ ਪਤਵੰਤੇ ਹਾਜਰ ਸਨ। ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।