ਸ੍ਰੀ ਮੁਕਤਸਰ ਸਾਹਿਬ, 21 ਦਸੰਬਰ (ਵਿਪਨ ਮਿੱਤਲ) : ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਇਕ ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਦੀ ਲੋਹੜੀ ਨੂੰ ਸਮਰਪਿਤ ‘ਕੰਨਿਆ ਸਨਮਾਨ ਸਮਾਰੋਹ’ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਜਾਵੇਗੀ। ਜੋਤ ਜਗਾਊਣ ਦੀ ਇਹ ਰਸਮ ਮਿਸ਼ਨ ਦੀ ਸੀਨੀਅਰ ਮੈਂਬਰ ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿਚ ਤਾਇਨਾਤ ਨੌਜਵਾਨ ਸਮਾਜ ਸੇਵਕਾ ਮੈਡਮ ਸ਼ੈਲਜਾ ਗਿਰਧਰ ਵੱਲੋਂ ਆਪਣੇ ਕਰ ਕਮਲਾਂ ਨਾਲ ਅਦਾ ਕੀਤੀ ਜਾਵੇਗੀ। ਕੰਨਿਆ ਸਨਮਾਨ ਸਮਾਰੋਹ ਆਉਂਦੀ 24 ਦਸੰਬਰ ਐਤਵਾਰ ਨੂੰ ਸਵੇਰੇ 11:00 ਵਜੇ ਸਥਾਨਕ ਰੇਲਵੇ ਰੋਡ ਸਥਿਤ ਪਵਨ ਹੋਟਲ ਐਂਡ ਸਵੀਟਸ ਸ਼ਾਪ ਵਿਖੇ ਆਯੋਜਿਤ ਕੀਤਾ ਜਾਵੇਗਾ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਸਰਪ੍ਰਸਤੀ ਅਤੇ ਦੇਖ ਰੇਖ ਹੇਠ ਹੋਣ ਵਾਲੇ ਇਸ ਸਮਾਰੋਹ ਦੌਰਾਨ ਡਾ. ਅਵਨੀਤ ਕੌਰ ਚੀਫ ਗੈਸਟ ਹੋਣਗੇ। ਸਮਾਰੋਹ ਦੀ ਪ੍ਰਧਾਨਗੀ ਉਭਰਤੀ ਨੌਜਵਾਨ ਅਦਾਕਾਰ ਮਿਸ ਨਾਮਿਆ ਮਿੱਢਾ ਵੱਲੋਂ ਕੀਤੀ ਜਾਵੇਗੀ। ਇਸ ਸਮਾਰੋਹ ਦੌਰਾਨ ਇਹਨਾਂ ਬੱਚੀਆਂ ਨੂੰ ਮਿਸ਼ਨ ਵੱਲੋਂ ਕੱਪੜੇ ਅਤੇ ਤੋਹਫ਼ੇ ਦਿਤੇ ਜਾਣਗੇ। ਛੋਟੀਆਂ ਕੰਨਿਆਵਾਂ ਤੋਂ ਲੋਹੜੀ ਦੀ ਪ੍ਰਤੀਕ ਨੂੰ ਦਰਸਾਉਂਦੇ ਹੋਏ ਬੱਚੀਆਂ ਤੋਂ ਮੂੰਗਫਲੀ ਅਤੇ ਰਿਉੜੀ ਦੇ ਬੁੱਕ ਭਰਵਾਏ ਜਾਣਗੇ। ਪ੍ਰਤੀਕਾਤਮਕ ਲੋਹੜੀ ਵੀ ਬਾਲੀ ਜਾਵੇਗੀ। ਉਕਤ ਫੈਸਲਾ ਅੱਜ ਮਿਸ਼ਨ ਦੇ ਸੀਨੀਅਰ ਮੈਂਬਰਾਂ ਦੀ ਸਥਾਨਕ ਰੇਲਵੇ ਰੋਡ ਸਥਿਤ ਇਕ ਨਿੱਜੀ ਹੋਟਲ ਵਿਖੇ ਹੋਈ ਮੀਟਿੰਗ ਦੌਰਾਨ ਕੀਤਾ ਗਿਆ। ਮਿਸ਼ਨ ਪ੍ਰਧਾਨ ਢੋਸੀਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਸੰਸਥਾ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਮੁੱਖ ਸਲਾਹਕਾਰ ਜਗਦੀਸ਼ ਧਵਾਲ, ਕੈਸ਼ੀਅਰ ਡਾ.ਸੰਜੀਵ ਮਿੱਡਾ, ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਮਿਸ਼ਨ ਸੇਵਕ ਰਾਜਿੰਦਰ ਖੁਰਾਣਾ, ਸੀਨੀਅਰ ਮੈਂਬਰ ਸ਼ੈਲਜਾ ਗਿਰਧਰ, ਉਪ ਪ੍ਰਧਾਨ ਚੌ. ਬਲਬੀਰ ਸਿੰਘ, ਓ.ਪੀ. ਖਿੱਚੀ ਅਤੇ ਨਰਿੰਦਰ ਕਾਰਾ ਫੋਟੋ ਗ੍ਰਾਫਰ ਆਦਿ ਮੌਜੂਦ ਸਨ। ਮੀਟਿੰਗ ਦੀ ਕਾਰਵਾਈ ਬਾਰੇ ਉਕਤ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਉਪਰੋਕਤ ਸਮਾਰੋਹ ਦੀ ਸਮਾਪਤੀ ਵੇਲੇ ਸਭਨਾਂ ਲਈ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।