ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੇਲ ਵਿਚ ਸਿਹਤ ਠੀਕ ਨਹੀਂ ਹੈ, 21 ਮਾਰਚ ਨੂੰ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦਾ ਭਾਰ ਕਾਫੀ ਘੱਟ ਗਿਆ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦਿਤੀ ਹੈ। ‘ਆਪ’ ਦੇ ਸੂਤਰਾਂ ਅਨੁਸਾਰ ਗ੍ਰਿਫਤਾਰੀ ਤੋਂ ਬਾਅਦ ਕੇਜਰੀਵਾਲ ਦਾ ਭਾਰ 4.5 ਕਿਲੋ ਘਟ ਗਿਆ ਹੈ। ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਡਾਕਟਰਾਂ ਨੇ ਅਰਵਿੰਦ ਕੇਜਰੀਵਾਲ ਦੇ ਘਟ ਰਹੇ ਵਜ਼ਨ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।

    ਆਤਿਸ਼ੀ ਮਾਰਲੇਨਾ ਨੇ ਕੀਤਾ ਟਵੀਟ

    ਇਸ ਵਿਚਾਲੇ ਦਿੱਲੀ ਦੇ ਮੰਤਰੀ ਆਤਿਸ਼ੀ ਮਾਰਲੇਨਾ ਨੇ ਟਵੀਟ ਕਰਦਿਆਂ ਲਿਖਿਆ, “ਅਰਵਿੰਦ ਕੇਜਰੀਵਾਲ ਸ਼ੂਗਰ ਦੇ ਗੰਭੀਰ ਰੋਗੀ ਹਨ। ਸਿਹਤ ਸਮੱਸਿਆਵਾਂ ਦੇ ਬਾਵਜੂਦ ਉਹ 24 ਘੰਟੇ ਦੇਸ਼ ਦੀ ਸੇਵਾ ਵਿਚ ਲੱਗੇ ਰਹੇ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦਾ ਭਾਰ 4.5 ਕਿਲੋ ਘਟ ਗਿਆ, ਇਹ ਬਹੁਤ ਚਿੰਤਾਜਨਕ ਹੈ। ਭਾਜਪਾ ਉਨ੍ਹਾਂ ਦੀ ਸਿਹਤ ਨੂੰ ਖਤਰੇ ਵਿਚ ਪਾ ਰਹੀ ਹੈ। ਜੇ ਅਰਵਿੰਦ ਕੇਜਰੀਵਾਲ ਨੂੰ ਕੁੱਝ ਹੋਇਆ ਤਾਂ ਦੇਸ਼ ਕੀ, ਰੱਬ ਵੀ ਮੁਆਫ਼ ਨਹੀਂ ਕਰੇਗਾ…”।

    ਹਾਲਾਂਕਿ ਜੇਲ ਦੇ ਡਾਕਟਰਾਂ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਹਨ। ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਨਾਲ ਸਬੰਧਤ ਇਕ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਉਨ੍ਹਾਂ ਨੂੰ 15 ਅਪ੍ਰੈਲ ਤਕ ਨਿਆਂਇਕ ਹਿਰਾਸਤ ਵਿਚ ਭੇਜ ਦਿਤਾ ਹੈ।

    ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ ਨੰਬਰ 2 ਵਿਚ 14X8 ਫੁੱਟ ਦੀ ਸੈੱਲ ਵਿਚ ਰਖਿਆ ਗਿਆ ਹੈ। ਖਬਰਾਂ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਦਿੱਲੀ ਦੇ ਸੀਐੱਮ ਦੀ ਸ਼ੂਗਰ ‘ਚ ਉਤਰਾਅ-ਚੜ੍ਹਾਅ ਚੱਲ ਰਿਹਾ ਹੈ। ਇਕ ਸਮੇਂ ਉਨ੍ਹਾਂ ਦਾ ਸ਼ੂਗਰ ਲੈਵਲ 50 ਤੋਂ ਹੇਠਾਂ ਚਲਾ ਗਿਆ ਸੀ। ਉਸ ਨੂੰ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਣ ਲਈ ਦਵਾਈਆਂ ਦਿਤੀਆਂ ਜਾ ਰਹੀਆਂ ਹਨ।

    ਖ਼ਬਰਾਂ ਅਨੁਸਾਰ ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਸ਼ੂਗਰ ਲੈਵਲ ਚੈੱਕ ਕਰਨ ਲਈ ਸ਼ੂਗਰ ਸੈਂਸਰ ਅਤੇ ਇਸ ਵਿਚ ਅਚਾਨਕ ਆਈ ਗਿਰਾਵਟ ਨੂੰ ਕੰਟਰੋਲ ਕਰਨ ਲਈ ਟੌਫ਼ੀਆਂ ਦਿਤੀਆਂ ਗਈਆਂ ਹਨ। ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਉਨ੍ਹਾਂ ਦੀ ਸੈੱਲ ਦੇ ਨੇੜੇ ਇਕ ਕਵਿਕ ਰਿਸਪਾਂਸ ਟੀਮ ਤਾਇਨਾਤ ਕੀਤੀ ਗਈ ਹੈ।