ਅੰਮ੍ਰਿਤਸਰ ਵਿੱਚ ਬੀਤੇ ਦਿਨ ਸੁਨਿਆਰੇ ਦੀ ਸਿਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਕਤ ਵਿਅਕਤੀ ਆਪਣੇ ਲੜਕੇ, ਸਾਲੇ ਅਤੇ ਪਰਿਵਾਰਕ ਮੈਂਬਰਾਂ ਨਾਲ ਮ੍ਰਿਤਕ ਦੀ ਦੁਕਾਨ ‘ਤੇ ਪੈਸਿਆਂ ਦੇ ਲੈਣ-ਦੇਣ ਲਈ ਆਇਆ ਸੀ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਹੋ ਗਈ।

ਇਸ ਤੋਂ ਬਾਅਦ ਮੁਲਜ਼ਮ ਘਰ ਜਾ ਕੇ ਪਿਸਤੌਲ ਲੈ ਆਇਆ। ਇੱਥੇ ਉਸ ਨੇ ਫਿਰ ਬਹਿਸ ਕੀਤੀ ਅਤੇ ਗਲੀ ਵਿੱਚ ਆ ਕੇ ਸੁਨਿਆਰੇ ਨੂੰ ਗੋਲੀ ਮਾਰ ਦਿੱਤੀ। ਜਿਸ ‘ਚ ਸੁਨਿਆਰੇ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਮਰਨਪਾਲ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ‘ਚ ਦੋਸ਼ੀ ਗੋਲੀ ਮਾਰ ਕੇ ਭੱਜਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਅਨੁਸਾਰ ਜਸਦੀਪ ਸਿੰਘ ਚੰਨ ਅਤੇ ਸਿਮਰਨਪਾਲ ਸਿੰਘ ਦੋਵੇਂ ਦੋਸਤ ਸਨ। ਦੋਵੇਂ ਸੁਨਿਆਰੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਇੱਕ ਦੂਜੇ ਕੋਲ ਆਉਣਾ-ਜਾਣਾ ਸੀ। ਸਿਮਰਨਪਾਲ ਸਿੰਘ ਦੀ ਟਾਹਲੀਵਾਲਾ ਬਾਜ਼ਾਰ ਵਿੱਚ ਜੈਪਾਲ ਜਵੈਲਰ ਦੇ ਨਾਂ ’ਤੇ ਦੁਕਾਨ ਹੈ। ਸ਼ੁੱਕਰਵਾਰ ਦੁਪਹਿਰ ਨੂੰ ਜਸਦੀਪ ਸਿੰਘ ਆਪਣੇ ਲੜਕੇ ਅਤੇ ਪਰਿਵਾਰ ਸਮੇਤ ਸਿਮਰਨਪਾਲ ਸਿੰਘ ਦੀ ਦੁਕਾਨ ‘ਤੇ ਲੈਣ-ਦੇਣ ਲਈ ਗਿਆ ਸੀ।
ਇਸ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਗਈ। ਮਾਮਲਾ ਵਧਣ ਤੋਂ ਬਾਅਦ ਜਸਦੀਪ ਸਿੰਘ ਉਥੋਂ ਚਲਾ ਗਿਆ। 3 ਵਜੇ ਉਹ ਫਿਰ ਸਿਮਰਨਪਾਲ ਸਿੰਘ ਦੀ ਦੁਕਾਨ ‘ਤੇ ਆਇਆ ਅਤੇ ਉਸ ਨਾਲ ਬਹਿਸ ਕਰਨ ਲੱਗਾ। ਦੋਨੋਂ ਬਹਿਸ ਕਰਦੇ ਹੋਏ ਦੁਕਾਨ ਦੇ ਬਾਹਰ ਗਲੀ ਵਿੱਚ ਆ ਗਏ। ਇਸ ਦੌਰਾਨ ਜਸਦੀਪ ਸਿੰਘ ਨੇ ਪਿਸਤੌਲ ਕੱਢ ਕੇ ਸਿਮਰਨਪਾਲ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।
ਪੁਲਿਸ ਨੇ ਅੱਗੇ ਦੱਸਿਆ ਕਿ ਗੋਲੀ ਸਿਮਰਨਪਾਲ ਸਿੰਘ ਦੇ ਸਿਰ ਵਿੱਚ ਲੱਗੀ ਅਤੇ ਉਹ ਗਲੀ ਵਿੱਚ ਡਿੱਗ ਪਿਆ। ਇਸ ਤੋਂ ਬਾਅਦ ਇਕ ਵਿਅਕਤੀ ਨੇ ਦੋਸ਼ੀ ਜਸਦੀਪ ਸਿੰਘ ਚੰਨ ਨੂੰ ਫੜ ਲਿਆ, ਜਿਸ ਕਾਰਨ ਉਹ ਡਰ ਗਿਆ ਅਤੇ ਭੱਜ ਗਿਆ। ਸਿਮਰਨਪਾਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।