ਫਰੀਦਕੋਟ (ਵਿਪਨ ਕੁਮਾਰ ਮਿਤੱਲ:- ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਨੇ ਸੁਤੰਤਰਤਾ ਸੰਗਰਾਮੀ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ ਬੱਸ ਸਟੈਂਡ ਫਰੀਦਕੋਟ ਵਿਖੇ ਮਨਾਇਆ ਗਿਆ।ਇਸ ਮੌਕੇ ਤੇ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਮੀਤ ਪ੍ਰਧਾਨ ਜਸਵਿੰਦਰ ਸਿੰਘ ਕੈਂਥ,ਸਕੱਤਰ ਗੁਰਿੰਦਰ ਸਿੰਘ,ਸਹਾਇਕ ਸਕੱਤਰ ਵਿਨੋਦ ਕੁਮਾਰ,ਸਹਾਇਕ ਸਕੱਤਰ ਭਾਰਤ ਭੂਸ਼ਣ ਜਿੰਦਲ , ਜੀਤ ਸਿੰਘ ਸਿੱਧੂ,ਰਾਮ ਤੀਰਥ,ਗੁਰਪ੍ਰੀਤ ਸਿੰਘ ਗੋਪੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਤਸਵੀਰ ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ।
ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨੀ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਸਰਾਭਾ ਵਿਖੇ ਮਾਤਾ ਸਾਹਿਬ ਕੌਰ ਅਤੇ ਪਿਤਾ ਸ ਮੰਗਲ ਸਿੰਘ ਦੇ ਘਰ 24 ਮਈ 1896 ਈ: ਨੂੰ ਹੋਇਆ।ਛੋਟੀ ਉਮਰ ਵਿੱਚ ਹੀ ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠਣ ਕਾਰਣ ਉਨ੍ਹਾਂ ਦੀ ਪਰਵਰਿਸ਼ ਉਨ੍ਹਾਂ ਦੇ ਦਾਦਾ ਸ ਬਦਨ ਸਿੰਘ ਨੇ ਕੀਤੀ ਉਚੇਰੀ ਸਿੱਖਿਆ ਲਈ ਉਹ ਅਮਰੀਕਾ ਗਏ। ਉਨ੍ਹਾਂ ਦਿਨਾਂ ਵਿੱਚ ਵਿਦੇਸ਼ਾਂ ਵਿੱਚ ਭਾਰਤੀਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ। ਕਾਮਾ ਗਾਟਾ ਮਾਰੂ ਦੀ ਘਟਨਾ ਨੇ ਕਰਤਾਰ ਸਿੰਘ ਸਰਾਭਾ ਨੂੰ ਝੰਜੋੜ ਕੇ ਰੱਖ ਦਿੱਤਾ।ਕਰਤਾਰ ਸਿੰਘ ਸਰਾਭਾ ਬਾਬਾ ਸੋਹਣ ਸਿੰਘ ਭਕਨਾ ਅਤੇ ਲਾਲਾ ਹਰਦਿਆਲ ਦੀ ਸਖਸ਼ੀਅਤ ਤੋਂ ਬਹੁਤ ਜਿਆਦਾ ਪ੍ਰਭਾਵਤ ਸਨ।ਉਹਨਾ ਨੇ ਗ਼ਦਰ ਪਾਰਟੀ ਦੀ ਸਥਾਪਨਾ ਕਰਕੇ ਦੇਸ਼ ਦੀ ਅਜਾਦੀ ਲਈ ਯਤਨ ਆਰੰਭ ਕਰ ਦਿੱਤੇ।ਉਸ ਸਮੇਂ ਦੇ ਜੱਜ ਵੀ ਕਰਤਾਰ ਸਿੰਘ ਸਰਾਭਾ ਨੂੰ ਬਹੁਤ ਵੱਡਾ ਸਾਜਿਸ਼ੀ ਮੰਨਦੇ ਸਨ।ਸ਼੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਅੱਜ ਦੇ ਦਿਨ 16 ਨਵੰਬਰ ਨੂੰ ਗ਼ਦਰ ਲਹਿਰ ਦੇ ਪਹਿਲੇ ਮੋਢੀਆਂ 19 ਸਾਲਾਂ ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਣੂ ਗਣੇਸ਼ ਪਿੰਗਲੇ(ਮਹਾਰਾਸ਼ਟਰ), ਭਾਈ ਬਖਸ਼ੀਸ਼ ਸਿੰਘ (ਗਿੱਲ ਵਾਲੀ),ਭਾਈ ਸੁਰੈਣ ਸਿੰਘ ਛੋਟਾ (ਗਿੱਲ ਵਾਲੀ),ਭਾਈ ਸੁਰੈਣ ਸਿੰਘ ਵੱਡਾ (ਗਿੱਲ ਵਾਲੀ),ਭਾਈ ਜਗਤ ਸਿੰਘ (ਸੁਰ ਸਿੰਘ),ਅਤੇ ਭਾਈ ਹਰਨਾਮ ਸਿੰਘ (ਸਿਆਲਕੋਟ), ਨੂੰ ਸੈਂਟਰਲ ਜੇਲ ਲਹੌਰ ਵਿੱਚ 16 ਨਵੰਬਰ 1915 ਨੂੰ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ। ਇਸੇ ਕਰਕੇ ਪੂਰਾ ਦੇਸ਼ ਅੱਜ ਇਹਨਾ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ,ਪਵਨਪ੍ਰੀਤ ਸਿੰਘ,ਰਵੀ ਸਿੰਘ,ਗੁਰਤੇਜ ਸਿੰਘ,ਅਭਿਸ਼ੇਕ ਕੁਮਾਰ ,ਦਲਜੀਤ ਸਿੰਘ ਅਤੇ ਪਰਮਜੀਤ ਸਿੰਘ ਹਾਜਰ ਸਨ।