ਕੁਵੈਤ ਦੇ ਮੰਗਾਫ ਸ਼ਹਿਰ ਦੀ ਇਮਾਰਤ ਵਿਚ ਲੱਗੀ ਅੱਗ ਵਿਚ 49 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 50 ਤੋਂ ਵੱਧ ਲੋਕ ਜ਼ਖਮੀ ਹਨ। ਇਨ੍ਹਾਂ ਵਿਚੋ 48 ਮ੍ਰਿਤਕ ਦੇਹਾਂ ਦੀ DNA ਟੈਸਟ ਜ਼ਰੀਏ ਪਛਾਣ ਹੋ ਗਈ ਹੈ ਜਿਨ੍ਹਾਂ ਵਿਚ 45 ਭਾਰਤੀ ਹਨ ਜਦੋਂ ਕਿ 3 ਫਿਲੀਪੀਂਸ ਦੇ ਹਨ।45 ਭਾਰਤੀਆਂ ਵਿਚੋਂ ਸਭ ਤੋਂ ਜ਼ਿਆਦਾ 23 ਮ੍ਰਿਤਕ ਕੇਰਲ ਦੇ ਹਨ। ਇਸ ਦੇ ਬਾਅਦ 7 ਮ੍ਰਿਤਕ ਤਮਿਲਨਾਡੂ ਦੇ, 3 ਆਂਧਰਾ ਪ੍ਰਦੇਸ਼, 3 ਉੱਤਰ ਪ੍ਰਦੇਸ਼, 1-1 ਮ੍ਰਿਤਕ ਬਿਹਾਰ, ਓਡੀਸ਼ਾ, ਕਰਨਾਟਕ, ਮਹਾਰਾਸ਼ਟਰ, ਝਾਰਖੰਡ, ਹਰਿਆਣਾ, ਪੰਜਾਬ ਤੇ ਪੱਛਮ ਬੰਗਾਲ ਦੇ ਹਨ। ਇਕ ਭਾਰਤੀ ਮ੍ਰਿਤਕ ਕਿਸ ਸੂਬੇ ਦਾ ਹੈ, ਇਹ ਸਾਹਮਣੇ ਨਹੀਂ ਆਇਆ ਹੈ।

    ਮ੍ਰਿਤਕ ਦੇਹਾਂ ਨੂੰ ਭਾਰਤ ਲਿਆਉਣ ਲਈ C-130J ਏਅਰਕ੍ਰਾਫਟ ਕੁਵੈਤ ਭੇਜਿਆ ਗਿਆ ਹੈ ਜੋ ਅੱਜ ਪਰਤੇਗਾ। ਇਹ ਸਭ ਤੋਂ ਪਹਿਲਾਂ ਕੋਚਿ ਲੈਂਡ ਕਰੇਗਾ ਕਿਉਂਕਿ ਮ੍ਰਿਤਕਾਂ ਵਿਚ ਸਭ ਤੋਂ ਵੱਧ ਕੇਰਲ ਦੇ ਵਾਸੀ ਹਨ। ਇਸ ਦੇ ਬਾਅਦ ਏਅਰਕ੍ਰਾਫਟ ਦਿੱਲੀ ਆਏਗਾ।ਕੁਵੈਤ ਦੇ ਸਮੇਂ ਮੁਤਾਬਕ ਇਹ ਹਾਦਸਾ ਬੁੱਧਵਾਰ ਸਵੇਰੇ 4.30 ਵਜੇ ਹੋਇਆ। ਕੁਵੈਤੀ ਫਾਇਰ ਫੋਰਸ ਮੁਤਾਬਕ ਇਹ ਅੱਗ ਇਲੈਕਟ੍ਰੀਕਲ ਸਰਕਟ ਕਾਰਨ ਲੱਗੀ। ਉਸ ਸਮੇਂ ਸਾਰੇ ਕੰਮ ਕਰਨ ਵਾਲੇ ਸੌਂ ਰਹੇ ਸਨ। ਅੱਗ ਲੱਗਣ ਦੀ ਵਜ੍ਹਾ ਨਾਲ ਮਚੀ ਭੱਜਦੌੜ ਦੇ ਵਿਚ ਕਈ ਲੋਕਾਂ ਨੇ ਘਬਰਾ ਕੇ ਬਿਲਡਿੰਗ ਦੀਆਂ ਖਿੜਕੀਆਂ ਤੋਂ ਛਾਲ ਮਾਰ ਦਿੱਤੀ। ਕਈ ਲੋਕ ਇਮਾਰਤ ਦੇ ਅੰਦਰ ਹੀ ਫਸੇ ਰਹਿ ਗਏ ਤੇ ਧੂੰਏਂ ਵਿਚ ਦਮ ਘੁਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ।ਝਾਰਖੰਡ ਦੇ ਰਾਂਚੀ ਦੇ ਰਹਿਣ ਵਾਲੇ 24 ਸਾਲ ਦੇ ਮੁਹੰਮਦ ਅਲੀ ਹੁਸੈਨ 18 ਦਿਨ ਪਹਿਲਾਂ ਹੀ ਕੁਵੈਤ ਗਿਆ ਸੀ ਜਿਸ ਦੀ ਹਾਦਸੇ ਵਿਚ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਤਿੰਨ ਮ੍ਰਿਤਕਾਂ ਦੀ ਪਛਾਣ ਵਾਰਾਣਸੀ ਦੇ ਪ੍ਰਵੀਣ ਮਾਧਵ ਸਿੰਘ ਤੇ ਗੋਰਖਪੁਰ ਦੇ ਜੈਰਾਮ ਗੁਪਤਾ ਤੇ ਅੰਗਦ ਗੁਪਤਾ ਵਜੋਂ ਹੋਈ ਹੈ। ਦੂਜੇ ਪਾਸੇ ਆਂਧਰਾ ਪ੍ਰਦੇਸ਼ ਦੇ ਮ੍ਰਿਤਕਾਂ ਦੀ ਪਛਾਣ ਸ਼੍ਰੀਕਾਕੁਲਮ ਜ਼ਿਲ੍ਹੇ ਦੇ ਟੀ ਲੋਕਾਨੰਦਨ, ਪੱਛਮੀ ਗੋਦਾਵਰੀ ਦੇ ਐੱਮ ਸਤਿਆਨਾਰਾਇਣ ਤੇ ਐੱਮ. ਈਸ਼ਵਾਰੁੜੂ ਵਜੋਂ ਹੋਈ ਹੈ।