ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ (ਵਿਪਨ ਮਿੱਤਲ) ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਸ਼ਹਿਰ ਦੀ ਸਭ ਤੋਂ ਪੁਰਾਣੀ ਵਰਕਿੰਗ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਮਜਦੂਰ ਦਿਵਸ ਮਨਾਇਆ ਜਾਵੇਗਾ। ਇਸ ਸਬੰਧੀ ਵਿਸ਼ੇਸ਼ ਸਮਾਗਮ ਆਉਂਦੀ 04 ਮਈ ਐਤਵਾਰ ਨੂੰ ਬਾਅਦ ਦੁਪਹਿਰ 3:00 ਵਜੇ ਸਥਾਨਕ ਥਾਂਦੇਵਾਲਾ ਰੋਡ ਸਥਿਤ ਬਾਬਾ ਨਾਮਦੇਵ ਭਵਨ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਜਾਵੇਗਾ। ਇਹ ਫੈਸਲਾ ਸਥਾਨਕ ਸਿਟੀ ਹੋਟਲ ਵਿਖੇ ਹੋਈ ਮਿਸ਼ਨ ਦੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ ਗਿਆ। ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਸੰਸਥਾ ਦੇ ਚੇਅਰਮੈਨ ਨਿਰੰਜਣ ਸਿੰਘ ਰੱਖਰਾ ਸਮੇਤ ਵਿਜੇ ਸਿਡਾਨਾ, ਵਿਕਰਾਂਤ ਤੇਰੀਆ, ਸਾਹਿਲ ਕੁਮਾਰ ਹੈਪੀ, ਰਜਿੰਦਰ ਖੁਰਾਣਾ, ਰਾਜੇਸ਼ ਗਿਰਧਰ, ਅਮਰ ਨਾਥ ਸੇਰਸੀਆ, ਕੇ.ਐਲ. ਮਹਿੰਦਰਾ, ਡਾ. ਹਰਭਗਵਾਨ ਹੈਰੀ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਕਿ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਮਜਦੂਰ ਦਿਵਸ ਨੂੰ ਸਮਰਪਿਤ 101 ਕਾਮਿਆਂ ਅਤੇ ਮਜਦੂਰਾਂ ਦੇ ਇਕ ਸਾਲ ਲਈ ‘ਐਕਸੀਡੈਂਟਲ ਕਲੇਮ’ ਬੀਮੇ ਕਰਵਾਏ ਜਾਣਗੇ। ਇਹਨਾਂ ਬੀਮਿਆਂ ਦੀ ਸਾਰੀ ਰਕਮ ਮਿਸ਼ਨ ਵੱਲੋਂ ਸਪਾਂਸਰ ਕੀਤੀ ਜਾਵੇਗੀ। ਮਿਸ਼ਨ ਵੱਲੋਂ ਚਾਰ ਮਈ ਦੇ ਸਮਾਗਮ ਵਿੱਚ ਹਰੇਕ ਉਕਤ ਬੀਮਾ ਧਾਰਕ ਨੂੰ ਬੀਮੇ ਦੀ ਪਾਲਿਸੀ ਭੇਂਟ ਕੀਤੀ ਜਾਵੇਗੀ। ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਕਿ 18 ਸਾਲ ਤੋਂ 60 ਸਾਲ ਤੱਕ ਦੀ ਉਮਰ ਦਾ ਕੋਈ ਵੀ ਮਜਦੂਰ, ਕਾਮਾ ਜਾਂ ਮਜਦੂਰੀ ਦਾ ਹੋਰ ਕੰਮ ਕਰਨ ਵਾਲਾ ਆਦਮੀ ਜਾਂ ਔਰਤ ਇਸ ਬੀਮੇ ਲਈ ਯੋਗ ਹੈ। ਪ੍ਰਧਾਨ ਢੋਸੀਵਾਲ ਨੇ ਅੱਗੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦਾ ਮਿਸ਼ਨ ਭਵਿੱਖ ਵਿਚ ਹੀ ਇਸੇ ਤਰ੍ਹਾਂ ਹੀ ਸਮਾਜ ਸੇਵਾ ਦੇ ਕਾਰਜ ਕਰਦਾ ਰਹੇਗਾ। ਮੀਟਿੰਗ ਦੌਰਾਨ ਮੌਜੂਦ ਸਮੂਹ ਮੈਂਬਰਾਂ ਵੱਲੋਂ ਸ਼ਹਿਰ ਵਿਚ ਸਦਭਾਵਨਾ ਅਤੇ ਭਾਈਚਾਰਾ ਕਾਇਮ ਰੱਖੇ ਜਾਣ ਦੀ ਅਪੀਲ ਵੀ ਕੀਤੀ ਅਤੇ ਸਮਾਜ ਵਿਚ ਵੰਡੀਆਂ ਪਾਉਣ ਵਾਲੇ ਮੌਕਾ ਪ੍ਰਸਤ ਆਗੂਆਂ ਦੀਆਂ ਕੋਸ਼ਿਸ਼ਾਂ ਨੂੰ ਸਿਰੇ ਤੋਂ ਨਕਾਰਿਆ ਜਾਵੇ।