ਪਾਕਿਸਤਾਨ ਬਿਜਲੀ ਉਤਪਾਦਨ ਵਧਾਉਣ ਲਈ ਦੇਸ ਦਾ ਸੱਭ ਤੋਂ ਵੱਡਾ ਪ੍ਰਮਾਣੂ ਪਲਾਂਟ ਬਣਾਉਣ ਜਾ ਰਿਹਾ ਹੈ। ਪਾਕਿਸਤਾਨ ਦੀ ਪ੍ਰਮਾਣੂ ਏਜੰਸੀ ਨੇ ਇਸ ਦੀ ਮਨਜ਼ੂਰੀ ਦੇ ਦਿਤੀ ਹੈ। ਇਸ ਪਲਾਂਟ ਨੂੰ ਚੀਨੀ ਕੰਪਨੀ ਹੁਆਲੋਂਗ ਨੇ ਡਿਜ਼ਾਈਨ ਕੀਤਾ ਹੈ।

    ਪਾਕਿਸਤਾਨ ਪ੍ਰਮਾਣੂ ਏਜੰਸੀ (ਪੀ.ਐਨ.ਆਰ.ਏ.) ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸੀ-5 ਪਾਵਰ ਪਲਾਂਟ ਲਈ ਲਾਇਸੈਂਸ ਜਾਰੀ ਕਰ ਦਿਤਾ ਗਿਆ ਹੈ ਅਤੇ ਇਸ ਦੀ ਸਮਰੱਥਾ 1200 ਮੈਗਾਵਾਟ ਹੋਵੇਗੀ।

    ਸੀ-5 ਤੀਜੀ ਪੀੜ੍ਹੀ ਦਾ ਐਡਵਾਂਸਡ ਪ੍ਰੈਸਰਾਈਜਡ ਵਾਟਰ ਰਿਐਕਟਰ ਹੈ। ਇਸ ਵਿਚ ਡਬਲ-ਸੈਲ ਕੰਟੇਨਮੈਂਟ ਅਤੇ ਰਿਐਕਟਰ-ਫਿਲਟਰ ਵਜਨ ਸਿਸਟਮ ਵੀ ਹੈ। ਇਸ ਨੂੰ ਬਣਾਉਣ ਲਈ ਲਗਭਗ 3.7 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਆਵੇਗੀ।
    ਇਹ ਪਲਾਂਟ 60 ਸਾਲਾਂ ਤਕ ਅਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ। ਪਾਕਿਸਤਾਨ ਵਿਚ ਇਸ ਡਿਜ਼ਾਈਨ ਦਾ ਇਹ ਤੀਜਾ ਪ੍ਰਮਾਣੂ ਪਲਾਂਟ ਹੋਵੇਗਾ। ਇਸ ਤੋਂ ਇਲਾਵਾ ਦੋ ਹੋਰ ਪਲਾਂਟ ਕਰਾਚੀ ਨਿਊਕਲੀਅਰ ਪਾਵਰ ਪਲਾਂਟ ਯੂਨਿਟ 2 ਅਤੇ 3 ਹਨ ਜੋ ਪਹਿਲਾਂ ਹੀ ਕੰਮ ਕਰ ਰਹੇ ਹਨ। ਰਿਪੋਰਟ ਅਨੁਸਾਰ, ਪਾਕਿਸਤਾਨ ਪਰਮਾਣੂ ਊਰਜਾ ਕਮਿਸਨ ਨੇ ਇਸ ਸਾਲ ਅਪ੍ਰੈਲ ਵਿੱਚ ਲਾਇਸੈਂਸ ਲਈ ਅਰਜੀ ਦਿਤੀ ਸੀ ਅਤੇ ਇੱਕ ਸੁਰੂਆਤੀ ਸੁਰੱਖਿਆ ਮੁਲਾਂਕਣ ਰਿਪੋਰਟ ਅਤੇ ਡਿਜ਼ਾਇਨ ਅਤੇ ਪਰਮਾਣੂ ਸੁਰੱਖਿਆ, ਰੇਡੀਏਸਨ ਸੁਰੱਖਿਆ, ਐਮਰਜੈਂਸੀ ਤਿਆਰੀ, ਰਹਿੰਦ-ਖੂੰਹਦ ਪ੍ਰਬੰਧਨ ਨਾਲ ਸਬੰਧਤ ਕਈ ਦਸਤਾਵੇਜ਼ ਪੇਸ਼ ਕੀਤੇ ਸਨ। (ਏਜੰਸੀ)