ਚੰਡੀਗੜ੍ਹ ਏਅਰਪੋਰਟ ‘ਤੇ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਤੋਂ MP ਕੰਗਨਾ ਰਾਣੌਤ ਨੂੰ ਥੱਪੜ ਪੈਣ ਪਿੱਛੋਂ ਦਿੱਤੇ ਆਪਣੇ ਬਿਆਨ ਭਾਰੀ ਪੈ ਸਕਦੇ ਹਨ। ਦਰਅਸਲ CISF ਕੁਲਵਿੰਦਰ ਕੌਰ ਨਾਲ ਵਿਵਾਦ ਤੋਂ ਬਾਅਦ ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਪੰਜਾਬ ਵਿਚ ਅੱਤਵਾਦ ਨੂੰ ਲੈਕੇ ਇਕ ਬਿਆਨ ਦਿੱਤਾ ਸੀ। ਪੰਜਾਬ ‘ਚ ਅੱਤਵਾਦ ‘ਚ ਵਾਧਾ ਹੋਣ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਮੁਆਫੀ ਮੰਗਣ ਲਈ ਕੰਗਨਾ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।ਐਡਵੋਕੇਟ ਲਿਆਕਤ ਅਲੀ ਨੇ ਆਪਣੇ ਮੁਵੱਕਿਲ ਸ਼ਹੀਦ ਭਗਤ ਸਿੰਘ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਵੱਲੋਂ ਕੰਗਨਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਕੰਗਨਾ ਨੇ 6 ਜੂਨ ਨੂੰ ‘ਐਕਸ’ ‘ਤੇ ਪੋਸਟ ਟਵੀਟ ਰਾਹੀਂ ਪੰਜਾਬ ਵਿਚ ਅੱਤਵਾਦ ਵਧਣ ਦਾ ਦੋਸ਼ ਲਗਾਇਆ ਸੀ, ਜਿਸ ਨਾਲ ਪੰਜਾਬ ਦੀ ਸਾਖ਼ ਤੇ ਅਖੰਡਤਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ।

    ਨੋਟਿਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਰੁੱਧ ਦਿੱਤੇ ਗਏ ਅਪਮਾਨਜਨਕ ਬਿਆਨਾਂ ਨੂੰ ਕੰਗਨਾ ਵੱਲੋਂ ਤੁਰੰਤ ਵਾਪਸ ਲਿਆ ਜਾਵੇ ਤੇ ਮੁਆਫੀ ਮੰਗੀ ਜਾਵੇ। ਨੋਟਿਸ ‘ਚ ਇਸ ਦਾ ਵੀ ਜ਼ਿਕਰ ਹੈ ਕਿ ਨੋਟਿਸ ਮਿਲਣ ਦੇ 7 ਦਿਨਾਂ ਅੰਦਰ ਜੇ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇਗੀ।