ਕਾਂਗਰਸ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੀਆਂ 3 ਅਤੇ ਉੱਤਰਾਖੰਡ ਦੀਆਂ 2 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿਤੀ ਹੈ। ਇਸ ਤਹਿਤ ਹਮੀਰਪੁਰ ਤੋਂ ਡਾਕਟਰ ਪੁਸ਼ਪੇਂਦਰ ਵਰਮਾ, ਨਾਲਾਗੜ੍ਹ ਤੋਂ ਹਰਦੀਪ ਸਿੰਘ ਬਾਵਾ, ਉੱਤਰਾਖੰਡ ਦੀ ਬਦਰੀਨਾਥ ਵਿਧਾਨ ਸਭਾ ਸੀਟ ਤੋਂ ਲਖਪਤ ਬੁਟੋਲਾ, ਮੰਗਲੌਰ ਤੋਂ ਕਾਜ਼ੀ ਨਿਜ਼ਾਮੂਦੀਨ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।
ਹਾਲਾਂਕਿ ਪਾਰਟੀ ਵਲੋਂ ਹਿਮਾਚਲ ਦੀ ਦੇਹਰਾ ਸੀਟ ਲਈ ਉਮੀਦਵਾਰ ਦੇ ਨਾਂ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਜ਼ਿਮਨੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 21 ਜੂਨ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਮੈਂਬਰੀ ਤੋਂ ਅਸਤੀਫਾ ਦੇਣ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਨੂੰ ਹਿਮਾਚਲ ਦੀਆਂ ਤਿੰਨੋਂ ਸੀਟਾਂ ‘ਤੇ ਉਮੀਦਵਾਰ ਬਣਾਇਆ ਹੈ।
ਦੇਹਰਾ ਤੋਂ ਹੁਸ਼ਿਆਰ ਸਿੰਘ, ਹਮੀਰਪੁਰ ਤੋਂ ਅਸ਼ੀਸ਼ ਸ਼ਰਮਾ ਅਤੇ ਨਾਲਾਗੜ੍ਹ ਤੋਂ ਕੇਐਲ ਠਾਕੁਰ ਨੂੰ ਟਿਕਟਾਂ ਦਿਤੀਆਂ ਗਈਆਂ ਹਨ। ਦੱਸ ਦੇਈਏ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਤਿੰਨੋਂ ਸੀਟਾਂ ਸਿਰਫ਼ ਆਜ਼ਾਦ ਵਿਧਾਇਕਾਂ ਦੇ ਖਾਤੇ ਵਿਚ ਸਨ।
ਹਾਲਾਂਕਿ ਆਜ਼ਾਦ ਵਿਧਾਇਕ ਸੱਤਾਧਾਰੀ ਕਾਂਗਰਸ ਸਰਕਾਰ ਦਾ ਸਮਰਥਨ ਕਰ ਰਹੇ ਸਨ। ਇਸ ਸਾਲ 27 ਫਰਵਰੀ ਨੂੰ ਰਾਜ ਸਭਾ ਸੀਟ ‘ਤੇ ਹੋਈਆਂ ਚੋਣਾਂ ‘ਚ ਤਿੰਨੋਂ ਵਿਧਾਇਕਾਂ ਨੇ ਭਾਜਪਾ ਉਮੀਦਵਾਰ ਦੇ ਹੱਕ ‘ਚ ਵੋਟਿੰਗ ਕੀਤੀ ਅਤੇ ਫਿਰ ਵਿਧਾਨ ਸਭਾ ਤੋਂ ਅਸਤੀਫਾ ਦੇ ਕੇ ਭਾਜਪਾ ‘ਚ ਸ਼ਾਮਲ ਹੋ ਗਏ। ਉਨ੍ਹਾਂ ਦਾ ਅਸਤੀਫਾ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਇਕ ਦਿਨ ਪਹਿਲਾਂ ਸਵੀਕਾਰ ਕਰ ਲਿਆ ਗਿਆ ਸੀ। ਤਿੰਨੋਂ ਵਿਧਾਨ ਸਭਾ ਸੀਟਾਂ ‘ਤੇ 10 ਜੁਲਾਈ ਨੂੰ ਵੋਟਿੰਗ ਹੋਵੇਗੀ ਅਤੇ ਨਤੀਜੇ 13 ਜੁਲਾਈ ਨੂੰ ਆਉਣਗੇ।