ਖਾਲਸਾ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅਰਸ਼ਦੀਪ ਕੌਰ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਵਿਦਾਇਗੀ ਸਨਮਾਨ ਦਿੱਤਾ ਗਿਆ

ਜਲੰਧਰ (ਪਰਮਜੀਤ ਸਿੰਘ ਨੈਣਾ)- ਗੁਰਦੁਆਰਾ ਚਰਨ ਕੰਵਲ ਬਸਤੀ ਸ਼ੇਖ ਜਲੰਧਰ ਵਿਖੇ ਲੱਗਪਗ ਪਿਛਲੇ ਸੱਤਰ ਸਾਲਾਂ ਤੋਂ ਬੜੀ ਸਫ਼ਲਤਾ ਪੂਰਵਕ ਚੱਲ ਰਹੇ ਲਾਇਲਪੁਰ ਖਾਲਸਾ ਸਕੂਲ ਨਕੋਦਰ ਰੋਡ ਦੀ ਬ੍ਰਾਂਚ ਵਿੱਚ ਅੱਜ ਦੁਪਹਿਰ ਵੇਲੇ ਮਾਹੌਲ ਖੁਸ਼ਨੁਮਾ ਹੋਣ ਦੇ ਨਾਲ ਨਾਲ ਗ਼ਮਗ਼ੀਨ ਵੀ ਸੀ। ਸਕੂਲ ਦੀ ਇੰਚਾਰਜ ਅਧਿਆਪਕਾ ਸ਼੍ਰੀਮਤੀ ਜਸਵਿੰਦਰ ਕੌਰ ਜੋ ਕਿ ਲੱਗਪਗ ਪਿਛਲੇ 20 ਸਾਲਾਂ ਤੋਂ ਬੱਚਿਆਂ ਨੂੰ ਆਪਣੀਆਂ ਵਿਦਿਅੱਕ ਸੇਵਾਵਾਂ ਦੇਣ ਤੋਂ ਬਾਅਦ ਅੱਜ ਸੇਵਾ ਮੁਕਤ ਹੋ ਗਏ। ਇਸ ਤੋਂ ਪਹਿਲਾਂ ਆਪ ਜੀ ਨਕੋਦਰ ਚੌਕ ਵਿਖੇ ਸਥਿਤ ਖਾਲਸਾ ਸਕੂਲ ਦੀ ਮੁਖ ਬ੍ਰਾਂਚ ਵਿਚ ਬਤੌਰ ਸੇਵਾਵਾਂ ਦੇ ਰਹੇ ਸਨ। ਖੁਸ਼ਨੁਮਾ ਮਾਹੌਲ ਇਸ ਲਈ ਕਿ ਮੈਡਮ ਆਪਣੀ ਵਿਦਿਅਕ ਸੇਵਾ ਨਿਰਵਿਘਨਤਾ ਸਹਿਤ ਨਿਭਾ ਕੇ ਰਿਟਾਇਰਮੈਂਟ ਦੀ ਖੁਸ਼ੀ ਦੇ ਅਹਿਸਾਸ ਨਾਲ ਵਿਦਾ ਹੋ ਰਹੇ ਸਨ। ਅਤੇ ਗ਼ਮਗ਼ੀਨ ਮਾਹੌਲ ਇਸ ਲਈ ਕਿ ਆਪ ਜੀ ਨੂੰ ਜਿੱਥੇ ਆਪਣੇ ਸਟਾਫ ਵਿਚ ਬੇਹੱਦ ਹਰਮਨਪਿਆਰਤਾ ਹਾਸਿਲ ਸੀ, ਉਥੇ ਨਾਲ ਹੀ ਬੱਚਿਆਂ ਵਿੱਚ ਬਹੁਤ ਲੋਕਪ੍ਰਿਯ ਸਨ।ਲਾਇਲਪੁਰ ਖਾਲਸਾ ਸਕੂਲ ਮੁੱਖ ਬ੍ਰਾਂਚ ਨਕੋਦਰ ਚੌਕ ਤੋਂ ਪ੍ਰਿੰਸੀਪਲ ਅਰਸ਼ਦੀਪ ਕੌਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਇਨ੍ਹਾਂ ਤੋਂ ਇਲਾਵਾ ਮੈਡਮ ਜਸਵਿੰਦਰ ਕੌਰ ਦੀ ਵਿਦਾਇਗੀ ਪਾਰਟੀ ਵਿੱਚ ਮੈਡਮ ਦੇ ਜੀਵਨਸਾਥੀ ਸ੍ਰ ਪਰਮਜੀਤ ਸਿੰਘ ਕਾਲੜਾ, ਉਨ੍ਹਾਂ ਦੀ ਨੂੰਹ ਰਾਣੀ ਸ਼੍ਰੀਮਤੀ ਹਰਜੋਤ ਕੌਰ, ਪੋਤਰੀ ਅਰਸ਼ੀਨ ਕੌਰ ਤੋਂ ਇਲਾਵਾ ਅਲੀ ਮੁਹੱਲਾ ਪੁਲੀ ਬ੍ਰਾਂਚ ਦੀ ਇੰਚਾਰਜ ਪ੍ਰਮਿੰਦਰ ਕੌਰ ਵੀ ਹਾਜ਼ਰ ਸਨ। ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਚਾਰ ਸਕੱਤਰ ਸ੍ਰ ਪਰਮਜੀਤ ਸਿੰਘ ਨੈਨਾ ਜੀ ਨੇ ਵੀ ਵਿਸ਼ੇਸ਼ ਸੱਦੇ ਤੇ ਵਿਦਾਇਗੀ ਪਾਰਟੀ ਵਿੱਚ ਸ਼ਮੂਲੀਅਤ ਕਰਕੇ ਮੈਡਮ ਜਸਵਿੰਦਰ ਕੌਰ ਅਤੇ ਉਨ੍ਹਾਂ ਦੇ ਪ੍ਰਵਾਰ ਨੂੰ ਵਧਾਈ ਦਿੱਤੀ। ਸਕੂਲ ਦੇ ਸਮੂਹ ਸਟਾਫ ਜਿਨ੍ਹਾਂ ਵਿੱਚ ਮੈਡਮ ਅੰਮ੍ਰਿਤਪਾਲ ਕੌਰ, ਜਸਬੀਰ ਕੌਰ, ਸੰਜਨਾ ਮੈਡਮ ਬਲਜੀਤ ਕੌਰ, ਸਰਬਜੀਤ ਕੌਰ ਅਤੇ ਮਨਜੀਤ ਕੌਰ ਮੈਡਮ ਨੇ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹ ਕੇ ਸਾਰੇ ਸਟਾਫ, ਪ੍ਰਬੰਧਕ ਕਮੇਟੀ ਅਤੇ ਬੱਚਿਆਂ ਦੀ ਖੁਸ਼ੀ ਪ੍ਰਾਪਤ ਕੀਤੀ। ਪ੍ਰਿੰਸੀਪਲ ਅਰਸ਼ਦੀਪ ਕੌਰ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਵਿਰਲੇ ਅਧਿਆਪਕ ਹੁੰਦੇ ਹਨ ਜੋ ਇਹਨਾਂ ਜਿੰਨੀ ਲੋਕਪ੍ਰਿਯਤਾ ਹਾਸਲ ਕਰਦੇ ਹਨ। ਇਹਨਾਂ ਦੀ ਰਿਟਾਇਰਮੈਂਟ ਨਾਲ ਸਾਰੇ ਸਕੂਲ ਵਿੱਚ ਇਕ ਖਲਾਅ ਪੈਦਾ ਹੋ ਜਾਵੇਗਾ ਜਿਸਨੂੰ ਪੂਰਿਆ ਜਾਣਾ ਅਸੰਭਵ ਹੀ ਨਹੀਂ ਨਾਮੁਮਕਿਨ ਵੀ ਹੈ। ਸਕੂਲ ਦਾ ਕੋਈ ਵੀ ਕੰਮ ਜੋ ਇਹਨਾਂ ਦੇ ਹਿੱਸੇ ਆਇਆ, ਉਸ ਨੂੰ ਖੁਸ਼ੀ ਖੁਸ਼ੀ ਅਤੇ ਪੂਰੀ ਲਗਨ ਨਾਲ ਨੇਪਰੇ ਚਾੜ੍ਹਨਾ ਇਨ੍ਹਾਂ ਦੇ ਸੁਭਾਅ ਦੇ ਅਨੁਕੂਲ ਸੀ। ਸਾਨੂੰ ਸਭ ਨੂੰ ਇਹਨਾਂ ਦੀਆਂ ਸੇਵਾਵਾਂ ਤੇ ਹਮੇਸ਼ਾਂ ਮਾਣ ਰਹੇਗਾ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰਮਿੰਦਰ ਸਿੰਘ ਗੱਗੂ ਅਤੇ ਰਣਜੀਤ ਸਿੰਘ ਸੰਤ ਨੇ ਵਿਦਾਇਗੀ ਭਾਸ਼ਨ ਵਿਚ ਮੁਖ ਮਹਿਮਾਨਾ ਅਤੇ ਬੱਚਿਆਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਮੈਡਮ ਜਸਵਿੰਦਰ ਕੌਰ ਸਿਰਫ ਸਰਕਾਰੀ ਸੇਵਾਵਾਂ ਤੋਂ ਮੁਕਤ ਹੋਏ ਹਨ ਸਮਾਜਿਕ ਸੇਵਾਵਾਂ ਤੋਂ ਨਹੀਂ। ਸਾਨੂੰ ਆਸ ਹੈ ਕਿ ਜਿਵੇਂ ਆਪਣੀਆਂ ਸੇਵਾਵਾਂ ਦੌਰਾਨ ਆਪਣਾ ਕੀਮਤੀ ਸਮਾਂ ਕੱਢ ਕੇ ਗੁਰਦੁਆਰਾ ਕਮੇਟੀ ਨਾਲ ਪੂਰਨ ਸਹਿਯੋਗ ਕਰਦੇ ਰਹੇ, ਆਸ ਕਰਦੇ ਹਾਂ ਕਿ ਹੁਣ ਰਿਟਾਇਰਮੈਂਟ ਤੋਂ ਬਾਅਦ ਉਹ ਪਹਿਲਾਂ ਵਾਂਗ ਹੀ ਪੂਰੀ ਸ਼ਿੱਦਤ ਨਾਲ ਸਹਿਯੋਗ ਕਰਕੇ ਸੰਗਤ ਦੀ ਅਸੀਸ ਪ੍ਰਾਪਤ ਕਰਦੇ ਰਹਿਣਗੇ। ਮੈਡਮ ਜਸਵਿੰਦਰ ਕੌਰ ਨੇ ਬੜੇ ਭਾਵੁਕ ਮਨ ਨਾਲ ਬੱਚਿਆਂ ਤੋਂ ਵਿਦਾ ਲਈ। ਵਿਦਾਇਗੀ ਪਾਰਟੀ ਦੇ ਅਖੀਰ ਵਿਚ ਸਮੂਹ ਬੱਚਿਆਂ, ਸਟਾਫ ਮੈਂਬਰਾਂ ਚਾਹ ਮਠਿਆਈ ਅਤੇ ਦੁਪਿਹਰ ਦੇ ਖਾਣੇ ਦਾ ਅਨੰਦ ਮਾਣਿਆ।