ਲੁਧਿਆਣਾ ਦੇ ਨਵਾਂ ਮੁਹੱਲੇ ’ਚ ਹੋਈ ਗੈਂਗ ਵਾਰ ਦੇ ਮੁੱਖ ਮੁਲਜ਼ਮ ਨੂੰ ਪੁਲਿਸ ਨੇ ਫੜ ਲਿਆ ਹੈ। ਮੁਲਜ਼ਮ ਨੂੰ ਪੁਲਿਸ ਨੇ ਕੋਤਵਾਲੀ ਇਲਾਕੇ ਵਿੱਚੋਂ ਹੀ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪਿਛਲੇ ਇੱਕ ਮਹੀਨੇ ਤੋਂ ਫ਼ਰਾਰ ਸੀ। ਮੁਲਜ਼ਮ ਦਾ ਨਾਂ ਨਿਹਾਲ ਸ਼ਰਮਾ ਹੈ।
ਉਹ ਗੈਂਗ ਵਾਰ ਤੋਂ ਕਰੀਬ 15 ਦਿਨ ਪਹਿਲਾਂ ਸ਼ੁਭਮ ਮੋਟਾ ਗੈਂਗ ’ਚ ਸ਼ਾਮਲ ਹੋਇਆ ਸੀ। ਇਸ ਮਾਮਲੇ ’ਚ ਹੁਣ ਤੱਕ ਕੁੱਲ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁੱਖ ਮੁਲਜ਼ਮ ਲੁਧਿਆਣਾ ਦੇ ਸੁਭਾਨੀ ਬਿਲਡਿੰਗ ਇਲਾਕੇ ਦਾ ਰਹਿਣ ਵਾਲਾ ਹੈ। 20 ਫਰਵਰੀ ਨੂੰ ਸੁਭਾਨੀ ਬਿਲਡਿੰਗ ਰੋਡ ’ਤੇ ਸ਼ੁਭਮ ਮੋਟਾ ਅਤੇ ਅੰਕੁਰ ਗੈਂਗ ’ਤੇ ਗੋਲ਼ੀਆਂ ਚਲਾਈਆਂ ਗਈਆਂ, ਉਸ ਸਮੇਂ ਨਿਹਾਲ ਉਥੇ ਮੌਜੂਦ ਸੀ। ਜਦੋਂ ਝਗੜਾ ਵਧਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਹੀ ਗੋਲ਼ੀ ਚਲਾਈ। ਨਿਹਾਲ ਨੇ ਨਾਜਾਇਜ਼ ਹਥਿਆਰਾਂ ਨਾਲ ਫ਼ਾਇਰਿੰਗ ਕੀਤੀ। ਨਿਹਾਲ ਸੋਸ਼ਲ ਮੀਡੀਆ ’ਤੇ ਲਗਾਤਾਰ ਐਕਟਿਵ ਰਹਿੰਦਾ ਸੀ। ਪੁਲਿਸ ਹੁਣ ਨਿਹਾਲ ਨੂੰ ਰਿਮਾਂਡ ’ਤੇ ਲੈ ਕੇ ਨਾਜਾਇਜ਼ ਹਥਿਆਰ ਬਰਾਮਦ ਕਰੇਗੀ। ਸੂਤਰਾਂ ਅਨੁਸਾਰ ਦੋਵਾਂ ਗੈਂਗਾਂ ਵਿਚਾਲੇ ਇਹ ਗੈਂਗ ਵਾਰ ਲੱਖਾਂ ਰੁਪਏ ਦੇ ਜੂਏ ਦੇ ਲੈਣ-ਦੇਣ ਨੂੰ ਲੈ ਕੇ ਹੋਈ ਸੀ।
ਇਸ ਗੈਂਗ ਵਾਰ ਦੀ ਵੀਡੀਓ ਵੀ ਸਾਹਮਣੇ ਆਈ ਸੀ, ਜਿਸ ’ਚ ਬਦਮਾਸ਼ ਇਕ-ਦੂਜੇ ’ਤੇ ਗੋਲ਼ੀਬਾਰੀ ਕਰਦੇ ਨਜ਼ਰ ਆ ਰਹੇ ਸਨ। ਬਦਮਾਸ਼ਾਂ ਨੇ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ। ਪੁਲਿਸ ਅੰਕੁਰ ਗੈਂਗ ਦੇ ਮੈਂਬਰਾਂ ਨੂੰ ਸਹਾਰਨਪੁਰ ਦੇ ਇੱਕ ਗੈਰਾਜ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।