ਸ਼ਨੀਵਾਰ ਤੜਕੇ ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲ੍ਹੇ ਵਿੱਚ ਬੱਸ ਪਲਟ ਜਾਣ ਕਾਰਨ 21 ਪੁਲਿਸ ਅਤੇ ਹੋਮ ਗਾਰਡ ਕਰਮਚਾਰੀ ਜ਼ਖਮੀ ਹੋ ਗਏ। ਇੱਕ ਅਧਿਕਾਰੀ ਦੇ ਵਲੋਂ ਇਸ ਦਰਦਨਾਕ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ ਹੈ।

    ਅਧਿਕਾਰੀ ਨੇ ਦੱਸਿਆ ਕਿ ਇਹ ਜਵਾਨ ਆਪਣੀ ਚੋਣ ਡਿਊਟੀ ਨਿਭਾਉਣ ਤੋਂ ਬਾਅਦ ਰਾਜ ਦੇ ਆਪਣੇ ਗ੍ਰਹਿ ਜ਼ਿਲ੍ਹੇ ਰਾਜਗੜ੍ਹ ਪਰਤ ਰਹੇ ਸਨ ਜਦੋਂ ਭੋਪਾਲ-ਬੈਤੂਲ ਹਾਈਵੇਅ ‘ਤੇ ਬਰੇਠਾ ਘਾਟ ਨੇੜੇ ਇਹ ਭਿਆਨਕ ਹਾਦਸਾ ਵਾਪਰ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸਾਹਮਣੇ ਤੋਂ ਆ ਰਹੇ ਇਕ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਉਲਟ ਦਿਸ਼ਾ ਤੋਂ ਆ ਰਹੇ ਇਕ ਹੋਰ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਪਲਟ ਕੇ ਖਾਈ ‘ਚ ਜਾ ਡਿੱਗੀ, ਜਿਸ ਕਾਰਨ ਬੱਸ ‘ਚ ਸਵਾਰ 21 ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਕਿਸ ਕਾਰਨ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

    ਪੁਲਿਸ ਉਪ ਮੰਡਲ ਅਧਿਕਾਰੀ (SDOP) ਸ਼ਾਲਿਨੀ ਪਰਾਸਤੇ ਨੇ ਦੱਸਿਆ ਕਿ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਉਸਨੇ ਕਿਹਾ, “ਇਹ ਉਦੋਂ ਵਾਪਰਿਆ ਜਦੋਂ ਪੰਜ ਪੁਲਿਸ ਕਰਮਚਾਰੀਆਂ ਅਤੇ ਬਾਕੀ ਹੋਮ ਗਾਰਡਾਂ ਸਮੇਤ ਕੁੱਲ 40 ਜਵਾਨਾਂ ਨੂੰ ਲੈ ਕੇ ਬੱਸ ਛਿੰਦਵਾੜਾ ਵਿੱਚ ਆਪਣੀ ਚੋਣ ਡਿਊਟੀ ਤੋਂ ਬਾਅਦ ਰਾਜਗੜ੍ਹ ਜਾ ਰਹੇ ਸੀ।”ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੰਭੀਰ ਜ਼ਖਮੀ ਹੋਏ ਕਰਮਚਾਰੀਆਂ ‘ਚੋਂ ਅੱਠ ਦਾ ਬੈਤੁਲ ਦੇ ਜ਼ਿਲਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ, ਜਦਕਿ ਮਾਮੂਲੀ ਜ਼ਖਮੀਆਂ ਦਾ ਸ਼ਾਹਪੁਰ ਹਸਪਤਾਲ ‘ਚ ਇਲਾਜ ਕੀਤਾ ਜਾ ਰਿਹਾ ਹੈ।

    ਜ਼ਿਕਰਯੋਗ ਹੈ ਕਿ ਦੇਸ਼ ਭਰ ‘ਚ 102 ਲੋਕ ਸਭਾ ਸੀਟਾਂ ਲਈ 19 ਅਪ੍ਰੈਲ (ਸ਼ੁੱਕਰਵਾਰ) ਨੂੰ ਵੋਟਿੰਗ ਹੋਈ ਸੀ, ਜਿਸ ‘ਚ ਮੱਧ ਪ੍ਰਦੇਸ਼ ਦੀਆਂ 6 ਸੀਟਾਂ ਸ਼ਾਮਲ ਸਨ। ਸੱਤ ਪੜਾਵਾਂ ਵਾਲੀਆਂ ਲੋਕ ਸਭਾ ਚੋਣਾਂ 2024 ਲਗਭਗ ਦੋ ਮਹੀਨਿਆਂ ਦੀ ਮਿਆਦ ਵਿੱਚ 1 ਜੂਨ ਤੱਕ ਹੋਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ।