ਅਬੋਹਰ ਦੇ ਪਿੰਡ ਕੱਲਰਖੇੜਾ ਵਿੱਚ ਅੱਜ ਸਵੇਰੇ ਕਤਲ ਦੀ ਵੱਡੀ ਵਾਰਦਾਤ ਵਾਪਰੀ। ਇੱਥੇ ਨਾਲੀ ਦੇ ਵਿਵਾਦ ਨੂੰ ਲੈ ਕੇ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਵੱਲੋਂ ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ, ਜਿਸ ਦੀ ਲਾਸ਼ ਨੂੰ ਗੰਗਾਨਗਰ ਤੋਂ ਅਬੋਹਰ ਲਿਆਂਦਾ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਪਿੰਡ ਦੇ ਕੁਝ ਲੋਕਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਅੱਜ ਪੰਚਾਇਤ ਹੋ ਰਹੀ ਸੀ, ਇਸੇ ਦੌਰਾਨ ਇਸੇ ਪਿੰਡ ਦੇ ਹੀ ਮਨੋਜ ਕੁਮਾਰ ਨਾਂ ਦੇ ਵਿਅਕਤੀ ਨੇ ਗੁੱਸੇ ‘ਚ ਆ ਕੇ ਮੌਜੂਦਾ ਸਰਪੰਚ ਪੂਨਮ ਦੇ ਪਤੀ ਸ਼ੰਕਰ ਲਾਲ ‘ਤੇ ਗੋਲੀ ਚਲਾ ਦਿੱਤੀ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰ ਤੁਰੰਤ ਇਲਾਜ ਲਈ ਸ੍ਰੀ ਗੰਗਾ ਨਗਰ ਲੈ ਗਏ ਪਰ ਗੰਗਾ ਨਗਰ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਨੂੰ ਘੇਰਾ ਪਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ‘ਆਪ’ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।