ਮੋਦੀ ਸਰਕਾਰ ਨੇ ਸਿੱਖ ਧਰਮ, ਇਤਿਹਾਸ, ਸਭਿਆਚਾਰ ਤੇ ਪੰਜਾਬੀ ਭਾਸ਼ਾ ਨੂੰ ਅਹਿਮੀਅਤ ਦੇਣ ਵਾਸਤੇ ਸੰਪੂਰਨ ਪਹੁੰਚ ਅਪਣਾਈ

    ਜੰਮੂ-ਕਸ਼ਮੀਰ ਦੇ ਸਿੱਖਾਂ ਵਾਸਤੇ ਨੌਕਰੀਆਂ ਤੇ ਵਿਧਾਲ ਸਭਾ ਵਿਚ ਰਾਖਵਾਂਕਰਨ ਲੈਣ ਵਾਸਤੇ ਯਕੀਨੀ ਤੌਰ ’ਤੇ ਕੰਮ ਕਰਾਂਗਾ: ਸਿਰਸਾ

    ਨਵੀਂ ਦਿੱਲੀ : ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਸਿੱਖ ਕੌਮ ਦੇ ਮੈਂਬਰਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ਦੇਸ਼ ਵਿਚ ਵਧੇਰੇ ਸਿਆਸੀ ਅਹਿਮੀਅਤ ਹਾਸਲ ਕੀਤੀ ਜਾ ਸਕੇ ਤੇ ਕਿਹਾ ਹੈ ਕਿ ਸਿੱਖ ਗੁਰੂ ਸਾਹਿਬਾਨ ਨੇ ਵੀ ਸਿਆਸੀ ਤੌਰ ’ਤੇ ਵਧੇਰੇ ਤਾਕਤ ਲੈਣ ਵਾਸਤੇ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਹੋਇਆ ਹੈ।

    ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿਚ ਪੁਸਤਕ ’ਕਸ਼ਮੀਰੀ ਸਿੱਖ ਭਾਈਚਾਰਾ ਮੈਮੋਰੰਡਮ’ ਨਾਂ ਦੀ ਸਰਦਾਰ ਸੰਤ ਪਾਲ ਸਿੰਘ ਵੱਲੋਂ ਲਿਖੀ ਪੁਸਤਕ ਦੇ ਰਿਲੀਜ਼ ਮੌਕੇ ਸਿੱਖ ਬੁੱਧੀਜੀਵੀਆਂ ਤੇ ਵਪਾਰਕ ਆਗੂਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਸਿੱਖ ਕੌਮ ਲਈ ਇਹ ਬਹੁਤ ਜ਼ਰੂਰੀ ਹੈ ਕਿ ਦੇਸ਼ ਵਿਚ ਵਧੇਰੇ ਸਿਆਸੀ ਅਹਿਮੀਅਤ ਹਾਸਲ ਕਰਨ ਵਾਸਤੇ ਇਕਜੁੱਟ ਹੋਇਆ ਜਾਵੇ। ਉਹਨਾਂ ਕਿਹਾ ਕਿ ਹਮੇਸ਼ਾ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਸਿੱਖ ਭਾਈਚਾਰੇ ਦੇ ਲੋਕ ਮੌਕੇ ਦੀ ਸਰਕਾਰ ਨਾਲ ਰਲ ਕੇ ਭਾਈਚਾਰੇ ਦੀ ਬੇਹਤਰੀ ਵਾਸਤੇ ਕੰਮ ਕਰਨ ਨੂੰ ਤਿਆਰ ਨਹੀਂ ਹਨ ਪਰ ਹੁਣ ਬਦਲਦੇ ਸਮੇਂ ਦੇ ਨਾਲ ਇਹ ਸੋਚ ਬਦਲਣੀ ਪਵੇਗੀ।

    ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵੱਲੋਂ ਸਿੱਖਾਂ ਲਈ ਚੁੱਕੇ ਕਦਮਾਂ ਦਾ ਜ਼ਿਕਰ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਇਸ ਸਰਕਾਰ ਨੇ ਸਿੱਖ ਦੇ ਚਾਰੋਂ ਪਹਿਲੂਆਂ ਸਿੱਖ ਧਰਮ, ਇਤਿਹਾਸ, ਸਭਿਆਚਾਰ ਤੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਵਾਸਤੇ ਸੰਪੂਰਨ ਸੋਚ ਅਪਣਾਈ ਹੈ।

    ਉਹਨਾਂ ਕਿਹਾ ਕਿ 70 ਸਾਲਾਂ ਵਿਚ ਦੇਸ਼ ਨੇ ਪਹਿਲੀ ਵਾਰ ਵੇਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400ਵਾਂ ਪ੍ਰਕਾਸ਼ ਪੁਰਬ ਲਾਲ ਕਿਲ੍ਹੇ ’ਤੇ ਮਨਾਇਆ ਗਿਆ ਹੋਵੇ। ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਦੇਸ਼ ਤੇ ਵਿਦੇਸ਼ ਵਿਚ ਭਾਰਤੀ ਦੂਤਘਰਾਂ ਵਿਚ ਵੀਰ ਬਾਲ ਦਿਵਸ ਮਨਾ ਕੇ ਦੁਨੀਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਪਹਿਲੀ ਵਾਰ ਦੇਸ਼ ਵਿਚ ਕੇਂਦਰ ਸਰਕਾਰ ਨੇ ਬੀ ਐਸ ਐਫ, ਸੀ ਆਈ ਐਸ ਐਫ ਸਮੇਤ ਨੀਮ ਫੌਜੀ ਦਸਤਿਆਂ ਵਿਚ ਭਰਤੀ ਵਾਸਤੇ ਅਤੇ ਮੈਡੀਕਲ ਪ੍ਰੀਖਿਆ ਨੀਟ ਤੇ ਇੰਜੀਨੀਅਰਿੰਗ ਪ੍ਰੀਖਿਆ ਜੇ ਈ ਈ ਵਾਸਤੇ ਪੰਜਾਬੀ ਭਾਸ਼ਾ ਵਿਚ ਟੈਸਟ ਦੇਣ ਦੀ ਛੋਟ ਦਿੱਤੀ ਹੈ।

    ਭਾਜਪਾ ਦੇ ਕੌਮੀ ਸਕੱਤਰ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਅਨੇਕਾਂ ਵਾਰੀ ਸਿੱਖ ਆਗੂਆਂ ਨੂੰ ਆਪਣੇ ਘਰ ਸੱਦਿਆ ਤੇ ਉਹਨਾਂ ਨਾਲ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਿਲਾਂ ’ਤੇ ਚਰਚਾ ਕੀਤੀ ਤੇ ਉਹਨਾਂ ਨੂੰ ਹੱਲ ਕਰਨ ਵਾਸਤੇ ਕੰਮ ਕੀਤਾ ਹੈ।

    ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਮੋਦੀ ਸਰਕਾਰ ਵੱਲੋਂ 1984 ਦੇ ਸਿੱਖ ਕਤਲੇਆਮ ਕੇਸਾਂ ਵਿਚ ਐਸ ਆਈ ਟੀ ਦਾ ਦੁਬਾਰਾ ਗਠਨ ਕੀਤੇ ਜਾਣ ਮਗਰੋਂ ਸੱਜਣ ਕੁਮਾਰ ਵਰਗੇ ਮੁੱਖ ਦੋਸ਼ੀ ਜੇਲ੍ਹਾਂ ਵਿਚ ਗਏ ਹਨ ਜਿਹਨਾਂ ਨੂੰ ਪਹਿਲੀਆਂ ਕਾਂਗਰਸ ਸਰਕਾਰਾਂ ਨੇ ਕਲੀਨ ਚਿੱਟਾਂ ਦੇ ਦਿੱਤੀਆਂ ਸਨ।

    ਜੰਮੂ-ਕਸ਼ਮੀਰ ਦੇ ਸਿੱਖ ਭਾਈਚਾਰੇ ਦੀ ਗੱਲ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਸਰਦਾਰ ਸੰਤ ਪਾਲ ਸਿੰਘ ਜੀ ਵੱਲੋ਼ ਲਿਖੀ ਪੁਸਤਕ ਵਿਚ ਇਸਦਾ ਵਿਸਥਾਰਿਤ ਵਰਣਨ ਹੈ ਕਿ ਕਿਵੇਂ ਅਤਿਵਾਦ ਦੀਆਂ ਚੁਣੌਤੀਆਂ ਦੇ ਬਾਵਜੂਦ ਸਿੱਖ ਭਾਈਚਾਰੇ ਦੇ ਲੋਕ ਦੇਸ਼ ਵਾਸਤੇ ਤੇ ਕਸ਼ਮੀਰ ਵਿਰਾਸਤ ਵਾਸਤੇ ਡਟੇ ਰਹੇ।

    ਸਿੱਖ ਕੌਮ ਲਈ ਵਿਧਾਨ ਸਭਾ ਤੇ ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਦੀ ਮੰਗ ਦੀ ਡਟਵੀਂ ਹਮਾਇਤ ਕਰਦਿਆਂ ਸਰਦਾਰ ਸਿਰਸਾ ਨੇ ਭਰੋਸਾ ਦੁਆਇਆ ਕਿ ਉਹ ਕੇਂਦਰ ਸਰਕਾਰ ਕੋਲ ਸਿਖ਼ਰਲੇ ਪੱਧਰ ’ਤੇ ਇਹ ਮੰਗਾਂ ਚੁੱਕਣਗੇ ਅਤੇ ਇਹਨਾਂ ਤਜਵੀਜ਼ਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੂਰੀ ਸਖ਼ਤ ਮਿਹਨਤ ਕਰਨਗੇ।

    ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਜੱਸਾ, ਸਾਬਕਾ ਪ੍ਰਧਾਨ ਸਰਦਾਰ ਸੰਤ ਪਾਲ ਸਿੰਘ, ਸਰਦਾਰ ਬਲਦੇਵ ਸਿੰਘ, ਮਾਸਟਰ ਕੁਲਵੰਤ ਸਿੰਘ,ਸਰਦਾਰ ਜਸਪਾਲ ਸਿੰਘ, ਸਰਦਾਰ ਨਾਨਕ ਸਿੰਘ, ਸਰਦਾਰ ਮਨਮੀਤ ਸਿੰਘ (ਜਿਹਨਾਂ ਸਟੇਜ ਸਕੱਤਰ ਦੀ ਸੇਵਾ ਵੀ ਨਿਭਾਈ), ਸਰਦਾਰ ਦਮੋਦਰ ਸਿੰਘ, ਸਰਦਾਰ ਇੰਦਰਜੀਤ ਸਿੰਘ ਤੇ ਸਰਦਾਰ ਪ੍ਰਭਲੀਨ ਸਿੰਘ ਤੋਂ ਇਲਾਵਾ ਅਨੇਕਾਂ ਸ਼ਖਸੀਅਤਾਂ ਹਾਜ਼ਰ ਸਨ।