ਆਟੋ ਸੈਕਟਰ ਦੀ ਪ੍ਰਮੁੱਖ ਕੰਪਨੀ Maruti Suzuki ਜਨਵਰੀ 2025 ਤੋਂ ਵੇਰੀਐਂਟ ਦੇ ਆਧਾਰ ‘ਤੇ ਆਪਣੀਆਂ ਕਾਰਾਂ ਦੀਆਂ ਕੀਮਤਾਂ ‘ਚ 4 ਫੀਸਦੀ ਤੱਕ ਦਾ ਵਾਧਾ ਕਰਨ ਜਾ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਹ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਕਿਹਾ ਹੈ, ‘ਮਾਰੂਤੀ ਜਨਵਰੀ 2025 ਤੋਂ ਵੇਰੀਐਂਟ ਦੇ ਆਧਾਰ ‘ਤੇ ਕਾਰਾਂ ਦੀਆਂ ਕੀਮਤਾਂ ‘ਚ 4 ਫੀਸਦੀ ਤੱਕ ਦਾ ਵਾਧਾ ਕਰੇਗੀ। Maruti Suzuki ਇੰਡੀਆ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ‘ਚ ਕਿਹਾ ਹੈ ਕਿ ਕੱਚੇ ਮਾਲ ਦੀ ਵਧਦੀ ਕੀਮਤ ਅਤੇ ਸੰਚਾਲਨ ਖਰਚਿਆਂ ਨੂੰ ਦੇਖਦੇ ਹੋਏ ਕੰਪਨੀ ਨੇ ਜਨਵਰੀ 2025 ਤੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾਈ ਹੈ।
ਕੀਮਤ ਚਾਰ ਫੀਸਦੀ ਤੱਕ ਵਧਣ ਦੀ ਉਮੀਦ ਹੈ ਅਤੇ ਇਹ ਮਾਡਲ ਦੇ ਆਧਾਰ ‘ਤੇ ਵੱਖ-ਵੱਖ ਹੋਵੇਗੀ। ਇਸ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ ਕੰਪਨੀ ਲਗਾਤਾਰ ਲਾਗਤਾਂ ਨੂੰ ਅਨੁਕੂਲਿਤ ਕਰਨ ਅਤੇ ਆਪਣੇ ਗਾਹਕਾਂ ‘ਤੇ ਪ੍ਰਭਾਵ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਦੀ ਰਹੀ ਹੈ, ਪਰ ਵਧੀਆਂ ਲਾਗਤਾਂ ਦਾ ਕੁਝ ਹਿੱਸਾ ਬਾਜ਼ਾਰ ਨੂੰ ਦੇਣਾ ਪੈ ਸਕਦਾ ਹੈ। ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਦਾ ਸਟਾਕ 6 ਦਸੰਬਰ ਨੂੰ ਦੁਪਹਿਰ 12:06 ਵਜੇ 0.58% ਵੱਧ ਕੇ ₹11,246.9 ‘ਤੇ ਟ੍ਰੇਡ ਕਰ ਰਿਹਾ ਸੀ।
ਹੁੰਡਈ ਨੇ ਕੀਮਤਾਂ ‘ਚ 25000 ਰੁਪਏ ਦਾ ਕੀਤਾ ਵਾਧਾ
ਇਸ ਤੋਂ ਪਹਿਲਾਂ ਹੁੰਡਈ ਮੋਟਰ ਇੰਡੀਆ ਨੇ ਵੀ 1 ਜਨਵਰੀ ਤੋਂ ਆਪਣੇ ਵਾਹਨਾਂ ਦੀ ਕੀਮਤ ‘ਚ 25,000 ਰੁਪਏ ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ। Hyundai Motor India Limited (HMIL) ਨੇ ਘੋਸ਼ਣਾ ਕੀਤੀ ਹੈ ਕਿ 1 ਜਨਵਰੀ, 2025 ਤੋਂ ਆਪਣੀਆਂ ਕਾਰਾਂ ਦੇ ਵੱਖ-ਵੱਖ ਮਾਡਲਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਲਗਜ਼ਰੀ ਵਾਹਨ ਨਿਰਮਾਤਾ ਕੰਪਨੀਆਂ ਮਰਸਡੀਜ਼-ਬੈਂਜ਼, BMW ਅਤੇ Audi ਨੇ ਵੀ ਅਗਲੇ ਮਹੀਨੇ ਤੋਂ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।
ਅਸਲ ਵਿੱਚ, ਭਾਰਤੀ ਵਾਹਨ ਨਿਰਮਾਤਾ ਵਿਸ਼ਵਵਿਆਪੀ ਕਮੋਡਿਟੀ ਦੀਆਂ ਵਧਦੀਆਂ ਕੀਮਤਾਂ, ਕੱਚੇ ਮਾਲ ‘ਤੇ ਉੱਚ ਦਰਾਮਦ ਡਿਊਟੀ ਅਤੇ ਸਪਲਾਈ ਚੇਨ ਵਿੱਚ ਰੁਕਾਵਟਾਂ ਕਾਰਨ ਉੱਚ ਲਾਗਤਾਂ ਨਾਲ ਜੂਝ ਰਹੇ ਹਨ। ਇਸ ਕਾਰਨ ਕੰਪਨੀਆਂ ਕੀਮਤਾਂ ਵਧਾ ਰਹੀਆਂ ਹਨ। ਟਾਟਾ ਮੋਟਰਜ਼ ਨੇ ਇਸ ਵਿੱਤੀ ਸਾਲ ਦੌਰਾਨ ਆਪਣੇ ਕਮਰਸ਼ੀਅਲ ਵਾਹਨਾਂ ਦੀਆਂ ਕੀਮਤਾਂ ਵਿੱਚ ਦੋ ਵਾਰ ਵਾਧਾ ਕੀਤਾ ਹੈ। ਫਿਰ, ਨਵੰਬਰ ਵਿੱਚ, ਜਰਮਨ ਆਟੋਮੋਟਿਵ ਦਿੱਗਜ BMW Motorrad ਨੇ ਭਾਰਤ ਵਿੱਚ ਆਪਣੀ ਪੂਰੀ ਮਾਡਲ ਰੇਂਜ ਵਿੱਚ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। 1 ਜਨਵਰੀ 2025 ਤੋਂ ਇਨ੍ਹਾਂ ਕਾਰਾਂ ਦੀਆਂ ਕੀਮਤਾਂ 2.5 ਫੀਸਦੀ ਤੱਕ ਵਧਣਗੀਆਂ।