ਲਗਭਗ 3 ਸਾਲ ਪਹਿਲਾਂ 1 ਜੁਲਾਈ 2021 ਨੂੰ ਬਤੌਰ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦੇ ਅਹੁੁਦੇ ਦਾ ਚਾਰਜ ਸੰਭਾਲਣ ਉਪਰੰਤ ਸੇਵਾ ਮੁਕਤ ਜੱਜ ਜਸਟਿਸ ਐਸ.ਐਸ. ਸਾਰੋਂ ਨੇ ਪਿਛਲੇ ਸਾਲ 21 ਅਕਤੂਬਰ ਤੋਂ ਪੰਜਾਬ ਦੇ ਲੱਖਾਂ ਸਿੱਖ ਮਰਦ ਤੇ ਸਿੱਖ ਬੀਬੀਆਂ ਦੀਆਂ ਵੋਟਾਂ ਬਣਾਉਣ ਦਾ ਵੱਡਾ ਕੰਮ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਸ਼ੁਰੂ ਕੀਤਾ ਸੀ।

    ਹੁਣ ਤਕ ਕੇਵਲ 27,50,000 ਤੋਂ ਵੱਧ ਵੋਟਰ ਫ਼ਾਰਮ ਭਰੇ ਗਏ ਹਨ। ਚੋਣ ਕਮਿਸ਼ਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿੱਖ ਵੋਟਰਾਂ ਦੇ ਫ਼ਾਰਮ ਭਰਨ ਦਾ ਸਿਲਸਿਲਾ ਜੋ ਲੋਕ ਸਭਾ ਚੋਣਾਂ ਕਾਰਨ ਬੰਦ ਹੋ ਗਿਆ ਸੀ, ਉਹ ਢਾਈ ਮਹੀਨੇ ਬਾਅਦ ਫਿਰ ਸ਼ੁਰੂ ਕੀਤਾ ਜਾ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਵੋਟਰ ਫ਼ਾਰਮ ਭਰਨ ਦੀ ਆਖ਼ਰੀ ਤਰੀਕ 31 ਜੁਲਾਈ ਤਕ ਵਧਾ ਦਿਤੀ ਹੈਜਿਸ ਉਪਰੰਤ ਅਗੱਸਤ ਤੇ ਸਤੰਬਰ ਵਿਚ ਵੋਟਰ ਲਿਸਟਾਂ ਤਿਆਰ ਕਰ ਕੇ ਜ਼ਿਲ੍ਹਾ ਤਹਿਸੀਲ ਬਲਾਕ ਅਤੇ ਹੋਰ ਮਹੱਤਵਪੂਰਨ ਥਾਵਾਂ ’ਤੇ ਲਗਾ ਦਿਤੀਆਂ ਜਾਣਗੀਆਂ ਤਾਕਿ ਕਿਸੇ ਵੀ ਤਰ੍ਹਾਂ ਦੇ ਇਤਰਾਜ਼, ਸ਼ਿਕਾਇਤਾਂ ਤੇ ਹੋਰ ਵੇਰਵੇ ਪ੍ਰਾਪਤ ਕਰ ਕੇ ਲਿਸਟਾਂ ਵਿਚ ਸੋਧ ਕੀਤੀ ਜਾਵੇ। ਅਧਿਕਾਰੀ ਨੇ ਇਹ ਵੀ ਦਸਿਆ ਕਿ ਪੰਜਾਬ ਵਿਚ ਪੈਂਦੀਆਂ 110 ਸੀਟਾਂ ਤੇ ਅੰਦਾਜ਼ਨ 60 ਲੱਖ ਸਿੱਖ ਵੋਟਰ ਫ਼ਾਰਮ ਭਰਨ ਦੀ ਆਸ ਸੀ ਪਰ 21 ਸਾਲ ਤੋਂ ਉਪਰ ਸਿੱਖ ਵੋਟਰਾਂ ਨੇ ਕੇਵਲ ਅੱਧੇ ਮਰਦਾਂ ਤੇ ਬੀਬੀਆਂ ਨੇ ਦਿਲਚਸਪੀ ਦਿਖਾਈ ਹੈ।

    ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਕਿ ਹਰਿਆਣਾ ਦੀ ਵਖਰੀ ਕਮੇਟੀ ਬਣਨ ਕਰ ਕੇ ਪੁਰਾਣੀ ਸ਼੍ਰੋਮਣੀ ਕਮੇਟੀ ਦੀਆਂ ਕੁਲ 120 ਸੀਟਾਂ ਵਿਚੋਂ 8 ਸੀਟਾਂ ਹਰਿਆਣੇ ਦੀਆਂ ਕੱਟ ਗਈਆਂ ਹਨ ਅਤੇ ਪੰਜਾਬ ਦੀਆਂ 110 ਸੀਟਾਂ ਤੋਂ 157 ਮੈਂਬਰ ਚੁਣੇ ਜਾਣਗੇ ਕਿਉਂਕਿ 47 ਸੀਟਾਂ ਦੋਹਰੀ ਮੈਂਬਰਸ਼ਿਪ ਵਾਲੀਆਂ ਹਨ। ਚੰਡੀਗੜ੍ਹ ਯੂ.ਟੀ. ਤੇ ਹਿਮਾਚਲ ਤੋਂ 1-1 ਮੈਂਬਰ ਚੁਣਨਾ ਹੈ।ਕੁਲ 159 ਮੈਂਬਰਾਂ ਦਾ ਹਾਊਸ ਹੋਵੇਗਾ। ਅਧਿਕਾਰੀ ਨੇ ਦਸਿਆ ਕਿ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮੁੜ ਤੋਂ ਸੰਪਰਕ ਕਰ ਕੇ ਪਟਵਾਰੀਆਂ ਰਾਹੀਂ ਸਿੱਖ ਵੋਟਰ ਫ਼ਾਰਮ ਰਹਿੰਦੇ ਡੇਢ ਮਹੀਨੇ ਵਿਚ ਭਰਵਾ ਕੇ ਇਹ ਗਿਣਤੀ 30 ਲੱਖ ਤਕ ਪਹੁੰਚਾਉਣ ਦਾ ਟੀਚਾ ਸਰ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਾਸਤੇ ਚੋਣਾਂ ਨਵੰਬਰ ਦਸੰਬਰ ਵਿਚ ਹੋਣ ਦੀ ਪੱਕੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਇਹ ਚੋਣਾਂ ਸਤੰਬਰ 2011 ਵਿਚ ਹੋਈਆਂ ਸਨ।