ਚੰਡੀਗੜ੍ਹ ਦੇ ਮੈਡੀਕਲ ਕਾਲਜ-32 (ਜੀਐਮਸੀਐਚ) ਵਿਚ ਸੋਮਵਾਰ ਰਾਤ ਕਰੀਬ 11.45 ਵਜੇ ਐਮਬੀਬੀਐਸ ਦੀ ਵਿਦਿਆਰਥਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਸੈਕਟਰ-34 ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਪਹੁੰਚਾਇਆ। ਵਿਦਿਆਰਥਣ ਕੋਲੋਂ 2 ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ।
ਮ੍ਰਿਤਕ ਦੀ ਪਛਾਣ ਸ਼ਰੂਤੀ ਤਿਆਗੀ ਵਾਸੀ ਹਰਿਆਣਾ ਵਜੋਂ ਹੋਈ ਹੈ। ਉਹ ਸੈਕਟਰ-32 ਮੈਡੀਕਲ ਕਾਲਜ ਦੇ ਹੋਸਟਲ ਨੰਬਰ-4 ਵਿੱਚ ਰਹਿੰਦੀ ਸੀ। ਸੋਮਵਾਰ ਨੂੰ ਉਹ ਕਿਸੇ ਦਾ ਫੋਨ ਨਹੀਂ ਚੁੱਕ ਰਹੀ ਸੀ ਤਾਂ ਉਸ ਦੇ ਨਾਲ ਪੜ੍ਹਦੀਆਂ ਲੜਕੀਆਂ ਨੇ ਉਸ ਦੇ ਕਮਰੇ ਵਿਚ ਜਾ ਕੇ ਉਸ ਨੂੰ ਦੇਖਿਆ। ਘਟਨਾ ਦੇਖ ਕੇ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਗਈਆਂ। ਸ਼ਰੂਤੀ ਬੇਹੋਸ਼ੀ ਦੀ ਹਾਲਤ ‘ਚ ਸੀ। ਉਸ ਦੇ ਗਲੇ ਵਿਚ ਰੱਸੀ ਦਾ ਟੁਕੜਾ ਸੀ ਅਤੇ ਉਸ ਦਾ ਅੱਧਾ ਹਿੱਸਾ ਪੱਖੇ ਨਾਲ ਲਟਕਿਆ ਹੋਇਆ ਸੀ। ਉਨ੍ਹਾਂ ਨੇ ਇਸ ਦੀ ਸੂਚਨਾ ਜੀਐਮਸੀਐਚ ਪ੍ਰਸ਼ਾਸਨ ਨੂੰ ਦਿੱਤੀ। ਫਿਰ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਵਿਦਿਆਰਥਣ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕੀਤਾ ਜਾਵੇਗਾ।ਹੋਸਟਲ ਦੀ ਇਕ ਵਿਦਿਆਰਥਣ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੀਆਂ ਸਹੇਲੀਆਂ ਨਾਲ ਕਮਰੇ ‘ਚ ਸ਼ਰੂਤੀ ਦੀ ਲਾਸ਼ ਦੇਖੀ ਤਾਂ ਪੂਰੇ ਹੋਸਟਲ ‘ਚ ਦਹਿਸ਼ਤ ਫੈਲ ਗਈ। ਇਸ ਤੋਂ ਬਾਅਦ ਸਾਰੀਆਂ ਵਿਦਿਆਰਥਣਾਂ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਇਸ ਬਾਰੇ ਗੱਲ ਕੀਤੀ। ਜਾਣਕਾਰੀ ਹੈ ਕਿ ਅੱਜ ਕਈ ਵਿਦਿਆਰਥਣਾਂ ਦੇ ਪਰਿਵਾਰ ਆਪਣੇ ਬੱਚਿਆਂ ਨੂੰ ਮਿਲਣ ਲਈ ਹੋਸਟਲ ਆ ਰਹੇ ਹਨ ਕਿਉਂਕਿ, ਕੁਝ ਵਿਦਿਆਰਥਣਾਂ ਇੰਨੀਆਂ ਘਬਰਾ ਗਈਆਂ ਹਨ ਕਿ ਉਹ ਹੁਣ ਇਸ ਹੋਸਟਲ ਵਿੱਚ ਨਹੀਂ ਰਹਿਣਾ ਚਾਹੁੰਦੀਆਂ।
ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਹੋਸਟਲ ਵਿਚ ਰਹਿੰਦੀਆਂ ਹੋਰ ਵਿਦਿਆਰਥਣਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਦੀ ਘਬਰਾਹਟ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਹੋਸਟਲ ਨੰਬਰ 1 ਤੋਂ 4 ਨੂੰ ਜਾਣ ਵਾਲੀ ਸੜਕ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਥੇ ਹੋਸਟਲ ਦੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।