ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 2 ਦਿਨਾਂ ਦੌਰੇ ਲਈ ਅਮਰੀਕਾ ਵਿੱਚ ਹਨ, ਜਿੱਥੇ ਉਨ੍ਹਾਂ ਨੇ ਵੀਰਵਾਰ ਰਾਤ ਨੂੰ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਗੱਲਬਾਤ ‘ਚ ਟੈਰਿਫ, ਐੱਫ-35 ਲੜਾਕੂ ਜਹਾਜ਼ ਸੌਦੇ ਅਤੇ ਅਤਿਵਾਦ ਵਰਗੇ ਗੰਭੀਰ ਮੁੱਦਿਆਂ ‘ਤੇ ਚਰਚਾ ਹੋਈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਪੀਐੱਮ ਮੋਦੀ ਉਨ੍ਹਾਂ ਨੂੰ ਮਿਲਣ ਵਾਲੇ ਚੌਥੇ ਵਿਦੇਸ਼ੀ ਨੇਤਾ ਹਨ।

ਰਾਸ਼ਟਰਪਤੀ ਟਰੰਪ ਨੇ ਪੀਐਮ ਮੋਦੀ ਨੂੰ ਆਪਣਾ ਦੋਸਤ ਕਿਹਾ ਅਤੇ ਕਿਹਾ ਕਿ ਉਹ ਚੰਗਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਮੇਰੇ ਨਾਲੋਂ ਬਿਹਤਰ ਸੌਦੇਬਾਜ਼ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਭਾਰਤ ਇਕ ਖੂਬਸੂਰਤ ਦੇਸ਼ ਹੈ, ਜਿੱਥੇ ਮੈਂ 5 ਸਾਲ ਪਹਿਲਾਂ ਘੁੰਮਿਆ ਸੀ। ਇਹ ਟਰੰਪ ਅਤੇ ਮੋਦੀ ਦਰਮਿਆਨ ਨਜ਼ਦੀਕੀ ਸਬੰਧਾਂ ਵੱਲ ਇਸ਼ਾਰਾ ਕਰਦਾ ਹੈ, ਜੋ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਕਰੇਗਾ।
ਇਸ ਮੁਲਾਕਾਤ ਦੌਰਾਨ ਟਰੰਪ ਨੇ ਭਾਰਤ ਨੂੰ ਐੱਫ਼-35 ਲੜਾਕੂ ਜਹਾਜ਼ ਦੇਣ ਦਾ ਐਲਾਨ ਕੀਤਾ, ਜੋ ਭਾਰਤ ਦੀ ਫ਼ੌਜੀ ਤਾਕਤ ਵਧਾਉਣ ਦੀ ਦਿਸ਼ਾ ‘ਚ ਵੱਡਾ ਕਦਮ ਹੈ। ਇਹ ਸੌਦਾ ਭਾਰਤ-ਅਮਰੀਕਾ ਰੱਖਿਆ ਸਾਂਝੇਦਾਰੀ ਵਿੱਚ ਇੱਕ ਨਵਾਂ ਅਧਿਆਏ ਜੋੜ ਸਕਦਾ ਹੈ। ਟਰੰਪ ਮੁੰਬਈ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਭਾਰਤ ਹਵਾਲੇ ਕਰਨ ਲਈ ਸਹਿਮਤ ਹੋ ਗਏ ਹਨ। ਇਹ ਫ਼ੈਸਲਾ ਅਤਿਵਾਦ ਖ਼ਿਲਾਫ਼ ਭਾਰਤ ਅਤੇ ਅਮਰੀਕਾ ਦੀ ਸਾਂਝੀ ਲੜਾਈ ਨੂੰ ਹੋਰ ਮਜ਼ਬੂਤ ਕਰੇਗਾ।
ਗ਼ੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਮੁੱਦੇ ‘ਤੇ ਪੀਐੱਮ ਮੋਦੀ ਨੇ ਸਪੱਸ਼ਟ ਕੀਤਾ ਕਿ ਉਹ ਅਮਰੀਕਾ ‘ਚ ਗ਼ੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਲਿਆਉਣ ਲਈ ਤਿਆਰ ਹਨ। ਇਹ ਗ਼ੈਰ-ਕਾਨੂੰਨੀ ਪ੍ਰਵਾਸ ‘ਤੇ ਭਾਰਤ ਅਤੇ ਅਮਰੀਕਾ ਵਿਚਾਲੇ ਸਹਿਯੋਗ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਮਨੁੱਖੀ ਤਸਕਰੀ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ, ਪੀਐਮ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੂੰ ਮਨੁੱਖੀ ਤਸਕਰੀ ਨੂੰ ਜੜ੍ਹਾਂ ਤੋਂ ਖ਼ਤਮ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਹ ਮੁੱਦਾ ਦੋਵਾਂ ਦੇਸ਼ਾਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਦੋਹਾਂ ਨੇਤਾਵਾਂ ਨੇ ਸਰਹੱਦ ਪਾਰ ਅਤਿਵਾਦ ਖ਼ਿਲਾਫ਼ ਸਖ਼ਤ ਕਾਰਵਾਈ ਦੀ ਲੋੜ ‘ਤੇ ਜ਼ੋਰ ਦਿੱਤਾ। ਮੋਦੀ ਨੇ ਭਾਰਤ ਪ੍ਰਤੀ ਟਰੰਪ ਦੇ ਸਮਰਥਨ ਦੀ ਸ਼ਲਾਘਾ ਕੀਤੀ, ਖ਼ਾਸ ਕਰਕੇ ਮੁੰਬਈ ਹਮਲੇ ਦੇ ਦੋਸ਼ੀਆਂ ਨੂੰ ਭਾਰਤ ਭੇਜਣ ਦੇ ਫੈਸਲੇ ਦੀ। ਇਹ ਮੁਲਾਕਾਤ ਭਾਰਤ-ਅਮਰੀਕਾ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਸਾਬਤ ਹੋਈ ਹੈ। ਵਪਾਰ, ਰੱਖਿਆ ਅਤੇ ਸੁਰੱਖਿਆ ਦੇ ਖੇਤਰਾਂ ਵਿੱਚ ਦੋਵਾਂ ਦੇਸ਼ਾਂ ਦਰਮਿਆਨ ਇਹ ਸਹਿਯੋਗ ਵਿਸ਼ਵ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਮਹੱਤਵਪੂਰਨ ਪਹੁੰਚ ਪੇਸ਼ ਕਰਦਾ ਹੈ।