ਨਰਿੰਦਰ ਮੋਦੀ 9 ਜੂਨ 2024 ਨੂੰ ਸ਼ਾਮ 7.15 ਵਜੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਮੋਦੀ ਦੇ ਨਾਲ-ਨਾਲ ਐਨਡੀਏ ਦੇ 14 ਸਹਿਯੋਗੀ ਦਲਾਂ ਦੇ 18 ਸੰਸਦ ਮੈਂਬਰ ਵੀ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਇਨ੍ਹਾਂ ਵਿਚੋਂ 7 ਕੈਬਨਿਟ ਮੰਤਰੀਆਂ ਅਤੇ ਬਾਕੀ 11 ਸੁਤੰਤਰ ਚਾਰਜ ਅਤੇ ਰਾਜ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਹਾਲਾਂਕਿ ਇਸ ਦੀ ਅਧਿਕਾਰਤ ਜਾਣਕਾਰੀ ਨਹੀਂ ਦਿਤੀ ਗਈ ਹੈ।ਮੰਨਿਆ ਜਾ ਰਿਹਾ ਹੈ ਕਿ 3 ਦਰਜਨ ਤੋਂ ਵੱਧ ਸੰਸਦ ਮੈਂਬਰ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਟੀਡੀਪੀ ਅਤੇ ਜੇਡੀਯੂ ਤੋਂ 2-2 ਅਤੇ ਸ਼ਿਵ ਸੈਨਾ ਤੋਂ ਇਕ-ਇਕ ਕੈਬਨਿਟ ਮੰਤਰੀ ਬਣ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ NCP, LJP ਅਤੇ JDS ਦੇ ਕੋਟੇ ਦੇ ਕੈਬਨਿਟ ਮੰਤਰੀ ਸਹੁੰ ਚੁੱਕ ਸਕਦੇ ਹਨ।
ਟੀਡੀਪੀ ਦੇ ਇਕ ਸੰਸਦ ਮੈਂਬਰ ਨੇ ਕਿਹਾ ਕਿ ਕਿਸ ਪਾਰਟੀ ਤੋਂ ਕਿੰਨੇ ਮੰਤਰੀ ਬਣਾਏ ਜਾਣਗੇ, ਇਸ ਦਾ ਫਾਰਮੂਲਾ ਪਹਿਲਾਂ ਹੀ ਤੈਅ ਹੋ ਚੁੱਕਾ ਹੈ। ਇਸ ਬਾਰੇ ਕਿਸੇ ਕਿਸਮ ਦੀ ਜਨਤਕ ਚਰਚਾ ਦੀ ਲੋੜ ਨਹੀਂ ਹੈ। ਹਰ ਕੋਈ ਇਸ ਗੱਲ ਨਾਲ ਸਹਿਮਤ ਹੈ ਕਿ ਪ੍ਰਧਾਨ ਮੰਤਰੀ ਜੋ ਵੀ ਜ਼ਿੰਮੇਵਾਰੀ ਦਿੰਦੇ ਹਨ, ਉਹ ਉਸ ਨੂੰ ਨਿਭਾਉਣਗੇ।ਜੇਡੀਯੂ ਸਾਂਸਦ ਲਵਲੀ ਆਨੰਦ ਨੇ ਰੇਲ ਮੰਤਰਾਲੇ ਦੇ ਸਵਾਲ ‘ਤੇ ਕਿਹਾ, ਯਕੀਨੀ ਤੌਰ ‘ਤੇ (ਜੇਡੀਯੂ) ਨੂੰ ਇਹ ਮਿਲਣਾ ਚਾਹੀਦਾ ਹੈ। ਪਹਿਲਾਂ ਵੀ ਅਜਿਹਾ ਹੀ ਹੁੰਦਾ ਸੀ। ਜੇਡੀਯੂ ਦੇ ਸੰਸਦ ਮੈਂਬਰਾਂ ਨੇ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਮੁੱਦੇ ਨੂੰ ਵੀ ਦੁਹਰਾਇਆ ਹੈ।ਇਸ ਤੋਂ ਪਹਿਲਾਂ ਸ਼ੁੱਕਰਵਾਰ 7 ਜੂਨ ਨੂੰ ਨਰਿੰਦਰ ਮੋਦੀ ਨੂੰ ਲਗਾਤਾਰ ਤੀਜੀ ਵਾਰ ਐਨਡੀਏ ਦਾ ਨੇਤਾ ਚੁਣਿਆ ਗਿਆ ਸੀ। ਐਨਡੀਏ ਸੰਸਦੀ ਦਲ ਦੀ ਮੀਟਿੰਗ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿਚ ਹੋਈ। ਇਸ ਵਿਚ ਸਵੇਰੇ 11 ਵਜੇ ਐਨਡੀਏ ਦੇ ਸਾਰੇ 293 ਲੋਕ ਸਭਾ ਸੰਸਦ ਮੈਂਬਰਾਂ, ਰਾਜ ਸਭਾ ਸੰਸਦ ਮੈਂਬਰਾਂ ਅਤੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉਪ ਮੁੱਖ ਮੰਤਰੀਆਂ ਦੀ ਮੌਜੂਦਗੀ ਵਿਚ ਇਸ ਨੂੰ ਮਨਜ਼ੂਰੀ ਦਿਤੀ ਗਈ।
ਇਸ ਤੋਂ ਬਾਅਦ ਦੁਪਹਿਰ 3 ਵਜੇ NDA ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਗਠਜੋੜ ਦੇ ਨੇਤਾਵਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸਮਰਥਨ ਦਾ ਪੱਤਰ ਸੌਂਪਿਆ। ਫਿਰ ਸ਼ਾਮ 6 ਵਜੇ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿਤਾ। ਬੈਠਕ ਤੋਂ ਬਾਅਦ ਮੋਦੀ ਨੇ ਭਾਜਪਾ ਦੇ ਸੀਨੀਅਰ ਨੇਤਾਵਾਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ।