ਵੇਰਕਾ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਮਹਿੰਗਾਈ ਦਾ ਝਟਕਾ ਦਿੱਤਾ ਹੈ। ਮਦਰ ਡੇਅਰੀ ਵੱਲੋਂ ਦੁੱਧ ਦੇ ਰੇਟ ਵਧਾਏ ਗਏ ਹਨ। ਦੁੱਧ ਦੇ ਰੇਟ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਅੱਜ ਯਾਨੀ 30 ਅਪ੍ਰੈਲ ਤੋਂ ਹੀ ਲਾਗੂ ਹਨ। ਇਸ ਵਾਧੇ ਦੇ ਨਾਲ ਹੁਣ ਮਦਰ ਡੇਅਰੀ ਦੇ ਫੁੱਲ ਕ੍ਰੀਮ ਦੁੱਧ ਦੀ ਕੀਮਤ 67 ਤੋਂ ਵਧ ਕੇ 69 ਰੁਪਏ ਪ੍ਰਤੀ ਲੀਟਰ ਤੇ ਟੋਂਡ ਮਿਲਕ ਦੀ 54 ਤੋਂ ਵਧ ਕੇ 56 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮਦਰ ਡੇਅਰੀ ਨੇ ਦੱਸਿਆ ਕਿ ਗਰਮੀ ਦੇ ਮੌਸਮ ਵਿਚ ਵਧਦੀ ਲਾਗਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਨਵੀਆਂ ਕੀਮਤਾਂ ਉਨ੍ਹਾਂ ਖੇਤਰਾਂ ਵਿਚ ਲਾਗੂ ਹੋਣਗੀਆਂ ਜਿਥੇ ਮਦਰ ਡੇਅਰੀ ਆਪਣੇ ਉਤਪਾਦ ਵੇਚਦੀ ਹੈ। ਮਦਰ ਡੇਅਰੀ ਆਪਣੇ ਸਟੋਰ, ਹੋਰ ਦੁਕਾਨਾਂ ਤੇ ਈ-ਕਾਮਰਸ ਪਲੇਟਫਾਰਮ ਜ਼ਰੀਏ ਦਿੱਲੀ-NCR ਦੇ ਬਾਜ਼ਾਰ ਵਿਚ ਰੋਜ਼ਾਨਾ ਲਗਭਗ 35 ਲੱਖ ਲੀਟਰ ਦੁੱਧ ਵੇਚਦੀ ਹੈ। ਮਦਰ ਡੇਅਰੀ ਮੁਤਾਬਕ ਪਿਛਲੇ ਕੁਝ ਮਹੀਨਿਆਂ ਵਿਚ ਲਾਗਤ 4 ਤੋਂ 5 ਰੁਪਏ ਪ੍ਰਤੀ ਲੀਟਰ ਵਧ ਗਈ ਹੈ। ਲਾਗਤ ਵਿਚ ਇਹ ਉਛਾਲ ਮੁੱਖ ਤੌਰ ਤੋਂ ਗਰਮੀਆਂ ਦੀ ਸ਼ੁਰੂਆਤ ਤੋਂ ਇਲਾਵਾ ਲੂ ਕਾਰਨ ਵੀ ਆਈ ਹੈ।