ਅਬੋਹਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਇੱਕ ਪੀਆਰਟੀਸੀ ਬੱਸ ਨੇ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬੱਸ ਦਾ ਟਾਇਰ ਔਰਤ ਦੇ ਉੱਪਰ ਚੜ੍ਹ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਔਰਤ ਦੀ ਮੌਤ ਕਾਰਨ ਪੰਜਾਂ ਧੀਆਂ ਦੇ ਸਿਰਾਂ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ ਕਿਉਂਕਿ ਔਰਤ ਪੰਜ ਧੀਆਂ ਦੀ ਮਾਂ ਸੀ। ਔਰਤ ਦੀ ਮੌਤ ਦੀ ਖ਼ਬਰ ਜਿਵੇਂ ਹੀ ਪਰਿਵਾਰਕ ਮੈਂਬਰਾਂ ਤੱਕ ਪਹੁੰਚੀ ਤਾਂ ਉੱਥੇ ਸੋਗ ਦੀ ਲਹਿਰ ਦੌੜ ਗਈ।

    ਇਹ ਹਾਦਸਾ ਅੱਜ ਸਵੇਰੇ ਵਾਪਰਿਆ। ਪੀਆਰਟੀਸੀ ਦੀ ਬੱਸ ਦੀ ਟੱਕਰ ਵਿੱਚ ਸਾਈਕਲ ’ਤੇ ਜਾ ਰਹੀ ਇੱਕ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਆਭਾ ਸਕੁਏਅਰ ਰੋਡ ‘ਤੇ ਵਾਪਰਿਆ। ਔਰਤ ਦੀ ਲਾਸ਼ ਨੂੰ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।

    ਜਾਣਕਾਰੀ ਅਨੁਸਾਰ ਅਬੋਹਰ ਦੇ ਸੁਭਾਸ਼ ਨਗਰ ਦੀ ਰਹਿਣ ਵਾਲੀ ਸੋਨੀਆ (45) ਸਾਈਕਲ ‘ਤੇ ਬੱਸ ਸਟੈਂਡ ਵੱਲ ਜਾ ਰਹੀ ਸੀ। ਇਸ ਦੌਰਾਨ ਪੀਆਰਟੀਸੀ ਦੀ ਬੱਸ ਨੇ ਔਰਤ ਨੂੰ ਟੱਕਰ ਮਾਰ ਦਿੱਤੀ। ਬੱਸ ਨਾਲ ਟਕਰਾਉਣ ਤੋਂ ਬਾਅਦ ਔਰਤ ਸੜਕ ‘ਤੇ ਡਿੱਗ ਗਈ ਅਤੇ ਬੱਸ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ।

    ਜਿਸ ਕਾਰਨ ਔਰਤ ਦੀ ਦਰਦਨਾਕ ਮੌਤ ਹੋ ਗਈ। ਹਾਲਾਂਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੇ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

    ਘਟਨਾ ਵਾਲੀ ਥਾਂ ‘ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਔਰਤ ਸਾਈਕਲ ‘ਤੇ ਸਹੀ ਦਿਸ਼ਾ ‘ਚ ਜਾ ਰਹੀ ਸੀ ਅਤੇ ਬੱਸ ਡਰਾਈਵਰ ਦੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਕਾਰਨ ਉਸ ਦੀ ਜਾਨ ਚਲੀ ਗਈ। ਸੂਚਨਾ ਮਿਲਣ ‘ਤੇ ਮਹਿਲਾ ਦੇ ਪਰਿਵਾਰ ਵਾਲੇ ਹਸਪਤਾਲ ਪੁੱਜੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।