ਚੇੱਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਵਾਨਖੇੜੇ ਵਿੱਚ ਖੇਡੇ ਗਏ ਮੈਚ ਵਿੱਚ ਉਤਰਦੇ ਹੀ ਇੱਕ ਖਾਸ ਉਪਲਬਧੀ ਆਪਣੇ ਨਾਮ ਕਰ ਲਈ। ਧੋਨੀ ਦਾ ਟੀ-20 ਇਤਿਹਾਸ ਵਿੱਚ ਕਿਸੇ ਇੱਕ ਟੀਮ ਦੇ ਲਈ ਇਹ 250ਵਾਂ ਮੁਕਾਬਲਾ ਸੀ। ਭਾਰਤੀ ਕ੍ਰਿਕਟ ਇਤਿਹਾਸ ਦੇ ਦਿਗੱਜ ਖਿਡਾਰੀਆਂ ਵਿੱਚ ਸ਼ਾਮਿਲ ਧੋਨੀ ਨੇ ਇਸ ਮਾਮਲੇ ਵਿੱਚ RCB ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੀ ਬਰਾਬਰੀ ਕਰ ਲਈ ਹੈ। ਕੋਹਲੀ ਨੇ ਹਾਲ ਹੀ ਵਿੱਚ RCB ਦੇ ਲਈ 250 ਮੈਚ ਖੇਡਣ ਵਾਲੇ ਖਿਡਾਰੀ ਬਣੇ ਸਨ। ਇਨ੍ਹਾਂ ਦੋਵੇਂ ਖਿਡਾਰੀਆਂ ਤੋਂ ਇਲਾਵਾ ਕੋਈ ਵੀ ਹੁਣ ਤੱਕ ਇਹ ਉਪਲਬਧੀ ਹਾਸਿਲ ਨਹੀਂ ਕਰ ਸਕਿਆ ਹੈ।ਧੋਨੀ ਆਈਪੀਐੱਲ ਤੇ ਚੈਂਪੀਅਨ ਲੀਗ ਵਿੱਚ CSK ਦੇ ਲਈ ਖੇਡੇ ਹਨ। ਹਾਲਾਂਕਿ ਦੋ ਸੀਜ਼ਨ ਤੱਕ ਧੋਨੀ ਨੇ ਰਾਈਜ਼ਿੰਗ ਪੁਣੇ ਸੁਪਰ ਜਾਇਨਟਸ ਦੀ ਅਗਵਾਈ ਕੀਤੀ ਸੀ ਕਿਉਂਕਿ ਦੋ ਸਾਲ ਲਈ CSK ਨੂੰ ਬੈਨ ਕਰ ਦਿੱਤਾ ਗਿਆ ਸੀ। ਧੋਨੀ 2008 ਵਿੱਚ ਆਈਪੀਐੱਲ ਦੀ ਸ਼ੁਰੂਆਤ ਤੋਂ ਹੀ ਚੇੱਨਈ ਸੁਪਰ ਕਿੰਗਜ਼ ਨਾਲ ਜੁੜੇ ਹੋਏ ਹਨ। CSK ਨੇ ਪਹਿਲੇ ਸੀਜ਼ਨ ਦੇ ਲਈ ਹੋਈ ਨੀਲਾਮੀ ਵਿੱਚ ਧੋਨੀ ਨੂੰ ਖਰੀਦਿਆ ਸੀ।

    ਇਸ ਤੋਂ ਇਲਾਵਾ ਧੋਨੀ ਨੇ ਇੱਕ ਹੋਰ ਉਪਲਬਧੀ ਆਪਣੇ ਨਾਮ ਕਰ ਲਈ ਹੈ। ਧੋਨੀ CSK ਦੇ ਲਈ ਆਈਪੀਐੱਲ ਵਿੱਚ ਪੰਜ ਹਜ਼ਾਰ ਦੌੜਾਂ ਪੂਰੇ ਕਰਨ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਧੋਨੀ ਨੇ ਚੇੱਨਈ ਦੇ ਲਈ ਹੁਣ ਤੱਕ 250 ਮੈਚਾਂ ਵਿੱਚ 5016 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 23 ਅਰਧ ਸੈਂਕੜੇ ਨਿਕਲੇ ਹਨ। ਧੋਨੀ ਤੋਂ ਪਹਿਲਾਂ ਟੀਮ ਦੇ ਸਾਬਕਾ ਆਲਰਾਊਂਡਰ ਸੁਰੇਸ਼ ਰੈਨਾ ਇਕਲੌਤੇ ਖਿਡਾਰੀ ਸਨ ਜਿਨ੍ਹਾਂ ਨੇ ਚੇੱਨਈ ਦੇ ਲਈ ਪੰਜ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਰੈਨਾ ਨੇ ਚੇੱਨਈ ਦੇ ਲਈ 200 ਮੈਚਾਂ ਵਿੱਚ 5529 ਦੌੜਾਂ ਬਣਾਈਆਂ ਹਨ।ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਛੇਵੇਂ ਨੰਬਰ ‘ਤੇ ਬੱਲੇਬਾਜ਼ੀ ਦੇ ਲਈ ਉਤਰੇ ਧੋਨੀ ਨੇ ਆਖਰੀ ਚਾਰ ਗੇਂਦਾਂ ਵਿੱਚ 20 ਦੌੜਾਂ ਬਣਾਈਆਂ। ਜਿਸਦੀ ਬਦੌਲਤ CSK ਨੇ ਮੁੰਬਾਈ ਨੂੰ 207 ਦੌੜਾਂ ਦਾ ਟੀਚਾ ਦਿੱਤਾ। ਆਖਰੀ ਓਵਰ ਵਿੱਚ ਬੱਲੇਬਾਜ਼ੀ ਦੇ ਲਈ ਉਤਰੇ ਧੋਨੀ ਨੇ ਹਾਰਦਿਕ ਪੰਡਯਾ ਦੀਆਂ ਗੇਂਦਾਂ ‘ਤੇ ਲਗਾਤਾਰ ਤਿੰਨ ਛੱਕੇ ਜੜੇ ਤੇ ਪਾਰੀ ਦੀ ਆਖਰੀ ਗੇਂਦ 2 ਦੌੜਾਂ ਲਈਆਂ। ਇਸ ਦੌਰਾਨ ਧੋਨੀ ਦੀ ਸਟ੍ਰਾਈਕ ਰੇਟ 500 ਰਹੀ। ਮੁੰਬਈ ਦੇ ਖਿਲਾਫ਼ ਧੋਨੀ ਪੁਰਾਣੀ ਲੈਅ ਵਿੱਚ ਨਜ਼ਰ ਆਏ।