ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਦੇ ਮਾਲਕ ਅਤੇ ਸਭ ਤੋਂ ਵੱਡੇ ਉਦਯੋਗਪਤੀਆਂ ਵਿੱਚੋਂ ਇੱਕ ਮੁਕੇਸ਼ ਅੰਬਾਨੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਸਖ਼ਸ਼ ਨੇ ਮੁਕੇਸ਼ ਅੰਬਾਨੀ ਤੋਂ 20 ਕਰੋੜ ਰੁਪਏ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਉਸ ਨੂੰ ਆਪਣੀ ਜਾਨ ਗਵਾਉਣੀ ਪਵੇਗੀ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 27 ਅਕਤੂਬਰ ਨੂੰ ਮੁਕੇਸ਼ ਅੰਬਾਨੀ ਦੀ ਕੰਪਨੀ ਦੀ ਈਮੇਲ ਆਈਡੀ ‘ਤੇ ਕਿਸੇ ਅਣਪਛਾਤੇ ਵਿਅਕਤੀ ਨੇ ਇਹ ਧਮਕੀ ਭਰੀ ਈਮੇਲ ਭੇਜੀ ਹੈ। ਧਮਕੀ ਭਰੇ ਈਮੇਲ ‘ਚ ਲਿਖਿਆ ਗਿਆ ਹੈ, ”ਜੇਕਰ ਤੁਸੀਂ ਸਾਨੂੰ 20 ਕਰੋੜ ਰੁਪਏ ਨਹੀਂ ਦਿੱਤੇ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ, ਸਾਡੇ ਕੋਲ ਭਾਰਤ ‘ਚ ਸਭ ਤੋਂ ਵਧੀਆ ਨਿਸ਼ਾਨੇਬਾਜ਼ ਹਨ’ ਇਹ ਈਮੇਲ ਮਿਲਣ ਤੋਂ ਬਾਅਦ ਮੁਕੇਸ਼ ਅੰਬਾਨੀ ਦੀ ਸੁਰੱਖਿਆ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁੰਬਈ ਪੁਲਿਸ ਗਾਮਦੇਵੀ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਆਈਪੀਸੀ ਦੀ ਧਾਰਾ 387 ਅਤੇ 506 (2) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ 29 ਸਤੰਬਰ ਨੂੰ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਸੁਰੱਖਿਆ ਵਧਾ ਦਿੱਤੀ ਸੀ। MHA ਨੇ ਉਸਨੂੰ ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਸੁਰੱਖਿਆ ਦਾ ਖਰਚਾ ਮੁਕੇਸ਼ ਅੰਬਾਨੀ ਖੁਦ ਅਦਾ ਕਰ ਰਹੇ ਹਨ। ਇਹ ਖਰਚਾ 40 ਤੋਂ 45 ਲੱਖ ਰੁਪਏ ਪ੍ਰਤੀ ਮਹੀਨਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਆਈਬੀ ਦੀ ਸਿਫਾਰਿਸ਼ ‘ਤੇ ਲਿਆ ਹੈ। ਆਈਬੀ ਨੇ ਮੁਕੇਸ਼ ਅੰਬਾਨੀ ਨੂੰ ਖ਼ਤਰੇ ਦਾ ਖ਼ਦਸ਼ਾ ਜਤਾਇਆ ਸੀ।
ਕਾਬਿਲੇਗੌਰ ਹੈ ਕਿ 15 ਅਗਸਤ 2022 ਨੂੰ ਵੀ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਮੁੰਬਈ ਪੁਲਿਸ ਮੁਤਾਬਕ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਡਿਸਪਲੇ ਨੰਬਰ ‘ਤੇ ਧਮਕੀ ਭਰੀ ਫੋਨ ਕਾਲ ਕੀਤੀ ਸੀ। ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਕਿ ਉਸ ਦੇ ਪੂਰੇ ਪਰਿਵਾਰ ਨੂੰ ਤਿੰਨ ਘੰਟਿਆਂ ਦੇ ਅੰਦਰ ਤਬਾਹ ਕਰ ਦਿੱਤਾ ਜਾਵੇਗਾ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।