ਫਗਵਾੜਾ,16 ਜੁਲਾਈ (ਵਿਕਾਸ/ਪੁਨੀਤ) ਵਾਤਾਵਰਨ ਦੀ ਸਾਂਭ ਸੰਭਾਲ ਦੇ ਮੱਦੇਨਜ਼ਰ ਨਗਰ ਨਿਗਮ, ਫਗਵਾੜਾ ਦੀ ਕਮਿਸ਼ਨਰ ਅਨੁਪਮ ਕਲੇਰ ਵੱਲੋਂ ਅੱਜ ਨਗਰ ਨਿਗਮ, ਫਗਵਾੜਾ ਵਿਖੇ ਪਾਰਕ ਮੇਨਟੇਨੈਂਸ ਕਮੇਟੀਆਂ ਅਤੇ ਸ਼ਹਿਰ ਦੀਆਂ ਵੱਖ—ਵੱਖ ਐੱਨ.ਜੀ.ਓਜ਼. ਦੇ ਪ੍ਰਧਾਨ ਸਾਹਿਬਾਨਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਇਸ ਮੀਟਿੰਗ ਦੌਰਾਨ ਮੈਡਮ ਕਲੇਰ ਵੱਲੋਂ ਕਿਹਾ ਗਿਆ ਕਿ ਗਲੋਬਲ ਵਾਰਮਿੰਗ ਦੇ ਮੱਦੇਨਜ਼ਰ ਸਾਡਾ ਸਭ ਦਾ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਰੁੱਖਾਂ ਦੀ ਸੰਭਾਲ ਕਰੀਏ ਅਤੇ ਹਰ ਨਾਗਰਿਕ ਨੂੰ ਇੱਕ—ਇੱਕ ਰੁੱਖ ਲਗਾਉਣਾ ਚਾਹੀਦਾ ਹੈ ਅਤੇ ਉਸਦੀ ਸੰਭਾਲ ਵੀ ਆਪਣੀ ਨਿੱਜੀ ਜਿੰਮੇਵਾਰੀ ਸਮਝਦੇ ਹੋਏ ਕਰਨੀ ਚਾਹੀਦੀ ਹੈ ਮੈਡਮ ਕਲੇਰ ਨੇ ਕਿਹਾ ਕਿ ਜ਼ਿਆਦਾ ਰੁੱਖ ਲਗਾਉਣੇ ਵੱਡੀ ਗੱਲ ਨਹੀਂ ਪ੍ਰੰਤੂ ਹਰ ਰੁੱਖ ਦੀ ਸੰਭਾਲ ਕਰਨੀ ਜ਼ਿਆਦਾ ਵੱਡੀ ਗੱਲ ਹੈ। ਉਨ੍ਹਾਂ ਹਾਜ਼ਰ ਆਏ ਸਮੂਹ ਨੁਮਾਇੰਦੇ ਸਾਹਿਬਾਨ ਨੂੰ ਅਪੀਲ ਕੀਤੀ ਕਿ ਆਪ ਆਪਣੇ—ਆਪਣੇੇ ਅਧੀਨ ਖੇਤਰ/ਪਾਰਕਾਂ ਵਿੱਚ ਘੱਟੋ—ਘੱਟ 200 ਬੂਟੇ ਲਗਾਉਣੇ ਅਤੇ ਉਨ੍ਹਾਂ ਦੀ ਸਾਂਭ—ਸੰਭਾਲ ਕਰਨੀ ਯਕੀਨੀ ਬਣਾਓਗੇ। ਮੈਡਮ ਕਲੇਰ ਨੇ ਬਾਗਬਾਨੀ ਸ਼ਾਖਾ ਦੇ ਜੇ.ਈ. ਨੂੰ ਹਦਾਇਤ ਕੀਤੀ ਕਿ ਪਾਰਕ ਮੇਨਟੇਨੈਂਸ ਕਮੇਟੀਆਂ ਨੂੰ ਜੰਗਲਾਤ ਵਿਭਾਗ ਤੋਂ ਬੂਟੇ ਮੁਹੱਈਆ ਕਰਵਾਏ ਜਾਣ ਅਤੇ ਹਰ ਬੂਟੇ ਦੀ ਜੀ.ਓ. ਟੈਗਿੰਗ ਵੀ ਕਰਵਾਈ ਜਾਵੇ। ਇਸ ਉਪਰੰਤ ਮੈਡਮ ਅਨੁਪਮ ਕਲੇਰ ਵੱਲੋਂ ਨਗਰ ਨਿਗਮ ਕੰਪਲੈਕਸ ਵਿੱਚ ਇੱਕ ਬੂਟਾ ਲਗਾਉਣ ਉਪਰੰਤ ਅਡਾਪਟ ਕਰਦੇ ਹੋਏ ਇਸ ਮੁਹਿੰਮ (ਪਲਾਂਟੇਸ਼ਨ) ਦੀ ਸ਼ੁਰੂਆਤ ਕੀਤੀ। ਉਨ੍ਹਾਂ ਤੋਂ ਬਾਅਦ ਜੁਆਇੰਟ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਐੱਸ.ਈ. ਰਜਿੰਦਰ ਚੌਪੜਾ ਨੇ ਬੂਟੇ ਲਗਾਉਣ ਉਪਰੰਤ ਅਡਾਪਟ ਕੀਤੇ ਅਤੇ ਬਾਅਦ ਵਿੱਚ ਨਗਰ ਨਿਗਮ ਦੇ ਸਮੂਹ ਸਟਾਫ਼ ਨੇ ਇੱਕ—ਇੱਕ ਬੂਟਾ ਲਗਾ ਕੇ ਉਸ ਨੂੰ ਅਡਾਪਟ ਕਰਨ ਦਾ ਪ੍ਰਣ ਲਿਆ। ਪੱਤਰਕਾਰਾਂ ਨਾਲ ਗੱਲ—ਬਾਤ ਕਰਦੇ ਹੋਏ ਮੈਡਮ ਕਲੇਰ ਨੇ ਕਿਹਾ ਕਿ ਰੁੱਖ ਹੀ ਜੀਵਨ ਹੈ, ਇਸ ਲਈ ਇਨ੍ਹਾਂ ਦੀ ਸੰਭਾਲ ਕਰਨਾ ਸਾਡੀ ਨੈਤਿਕ ਜਿੰਮੇਵਾਰੀ ਹੈ। ਰੁੱਖਾਂ ਦੇ ਬਿਨ੍ਹਾਂ ਪ੍ਰਿਥਵੀ ਤੇ ਜੀਵਨ ਸੰਭਵ ਹੀ ਨਹੀਂ ਹੈ। ਇਸ ਮੌਕੇ ਉਨ੍ਹਾਂ ਨਾਲ ਵੱਖ—ਵੱਖ ਪਾਰਕ ਮੇਨਟੇਨੈਂਸ ਕਮੇਟੀਆਂ, ਐੱਨ.ਜੀ.ਓਜ਼. ਅਤੇ ਕਲੱਬਾਂ ਦੇ ਅਹੁਦੇਦਾਰ ਸਾਹਿਬਾਨ ਮਨੀਸ਼ ਪ੍ਰਭਾਕਰ, ਮਲਕੀਤ ਸਿੰਘ ਰਗਬੋਤਰਾ, ਪਵਨ ਕੁਮਾਰ ਕਾਲੜਾ, ਸਤੀਸ਼ ਜੈਨ, ਕ੍ਰਿਸ਼ਨ ਕੁਮਾਰ, ਅਮਰਜੀਤ ਸਿੰਘ, ਸ਼ਕਤੀ ਮਹਿੰਦਰੂ, ਡਾ. ਸੀਮਾ ਰਾਜਨ, ਸੁਨੀਤਾ ਪਰਾਸ਼ਰ, ਗੁਲਸ਼ਨ ਕਪੂਰ, ਭੁਪਿੰਦਰ ਸਿੰਘ, ਨਵਿਤਾ ਰਾਣੀ, ਵੰਦਨਾ ਸ਼ਰਮਾ, ਪ੍ਰਮੋਦ ਜ਼ੋਸ਼ੀ, ਆਈ.ਪੀ. ਖੁਰਾਨਾ, ਰਾਕੇਸ਼ ਸੂਦ, ਬਲਬੀਰ ਸਿੰਘ ਆਦਿ ਹਾਜ਼ਰ ਸਨ