ਲੁਧਿਆਣਾ ਦੇ ਪਿੰਡ ਬੱਡੇਵਾਲ ‘ਚ ਸੂਆ ਰੋਡ ‘ਤੇ ਤਿੰਨ ਵਿਅਕਤੀਆਂ ਵੱਲੋਂ ਦੋਸਤ ਦਾ ਗਲਾ ਵੱਢ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਆਰੋਪੀ ਲਾਸ਼ ਨੂੰ ਖਾਲੀ ਪਲਾਟ ‘ਚ ਸੁੱਟ ਕੇ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।ਮ੍ਰਿਤਕ ਦੀ ਪਛਾਣ 26 ਸਾਲਾ ਵਿਕਾਸ ਕੁਮਾਰ ਵਾਸੀ ਪਿੰਡ ਬੱਡੇਵਾਲ ਵਜੋਂ ਹੋਈ ਹੈ, ਜੋ ਮਜ਼ਦੂਰੀ ਕਰਦਾ ਸੀ। ਸਰਾਭਾ ਨਗਰ ਪੁਲੀਸ ਨੇ ਉਸ ਦੇ ਤਿੰਨ ਦੋਸਤਾਂ ਸੂਰਜ ਕੁਮਾਰ, ਮਨੋਜ ਸਾਹਨੀ ਅਤੇ ਅਜੇ ਸਾਹਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੇਂਟਰ ਦਾ ਕੰਮ ਕਰਦਾ ਸੀ ਮ੍ਰਿਤਕ
ਮ੍ਰਿਤਕ ਦੇ ਭਰਾ ਬੀਕੂ ਕੁਮਾਰ ਦੇ ਬਿਆਨ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਭਰਾ ਪੇਂਟਰ ਸੀ। ਰਾਤ 10.30 ਵਜੇ ਤੱਕ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਬੀਕੂ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਪਿੰਡ ਬੱਡੇਵਾਲ ‘ਚ ਸੂਆ ਰੋਡ ਨੇੜੇ ਪੁੱਜਾ ਤਾਂ ਦੇਖਿਆ ਕਿ ਤਿੰਨ ਵਿਅਕਤੀ ਉਸ ਦੇ ਭਰਾ ਦੀ ਕੁੱਟਮਾਰ ਕਰ ਰਹੇ ਸਨ। ਮਨੋਜ ਅਤੇ ਅਜੇ ਨੇ ਉਸ ਦੇ ਭਰਾ ਨੂੰ ਹੱਥਾਂ ਤੋਂ ਫੜਿਆ ਹੋਇਆ ਸੀ, ਜਦਕਿ ਸੂਰਜ ਨੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਮੌਕੇ ਤੋਂ ਭੱਜੇ ਆਰੋਪੀ
ਜਦੋਂ ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਉਸਦੇ ਭਰਾ ਨੂੰ ਖੂਨ ਨਾਲ ਲੱਥਪੱਥ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਇਆ ਅਤੇ ਵਿਕਾਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਖੁਲਾਸਾ ਅੱਜ ਪੋਸਟਮਾਰਟਮ ਤੋਂ ਹੋਵੇਗਾ।
ਪੁਲਿਸ ਮਾਮਲੇ ਦੀ ਜਾਂਚ ‘ਚ ਜੁਟੀ
ਏਐਸਆਈ ਸੁਭਾਸ਼ ਰਾਜ ਨੇ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ) ਅਤੇ ਧਾਰਾ 34 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਏਐਸਆਈ ਨੇ ਦੱਸਿਆ ਕਿ ਪਰਿਵਾਰ ਨੂੰ ਇਸ ਕਤਲ ਦੇ ਪਿੱਛੇ ਦੇ ਕਾਰਨਾਂ ਬਾਰੇ ਕੋਈ ਸੁਰਾਗ ਨਹੀਂ ਹੈ। ਆਰੋਪੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਕਾਰਨ ਦਾ ਪਤਾ ਲੱਗੇਗਾ।