ਦੁਨੀਆ ਦੀ ਚੌਥੀ ਵੱਡੀ ਫੌਜ ਨੂੰ ਨਵਾਂ ਮੁਖੀ ਮਿਲ ਗਿਆ ਹੈ। ਥਲ ਸੈਨਾ ਦੇ ਸਹਿ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਅਗਲੇ ਫੌਜ ਮੁਖੀ ਹੋਣਗੇ। ਲੈਫਟੀਨੈਂਟ ਜਨਰਲ ਦਿਵੇਦੀ ਮੌਜੂਦਾ ਫੌਜ ਮੁਖੀ ਜਨਰਲ ਮਨੋਜ ਪਾਂਡੇ ਤੋਂ 30 ਜੂਨ ਨੂੰ ਦੁਪਹਿਰ ਬਾਅਦ ਅਹੁਦਾ ਸੰਭਾਲਣਗੇ। ਜਨਰਲ ਪਾਂਡੇ ਪਹਿਲਾਂ 31 ਮਈ ਨੂੰ ਰਿਟਾਇਰ ਹੋਣ ਵਾਲੇ ਸੀ ਪਰ ਸਰਕਾਰ ਨੇ ਉਨ੍ਹਾਂ ਦਾ ਕਾਰਜਕਾਲ 30 ਜੂਨ ਤੱਕ ਵਧਾ ਦਿੱਤਾ ਸੀ।

ਮੱਧ ਪ੍ਰਦੇਸ਼ ਦੇ ਰੀਵਾ ਦੇ ਰਹਿਣ ਵਾਲੇ ਲੈਫਟੀਨੈਂਟ ਜਨਰਲ ਦਿਵੇਦੀ ਦੀ ਸ਼ੁਰੂਆਤੀ ਪੜ੍ਹਾਈ ਸੈਨਿਕ ਸਕੂਲ ਰੀਵਾ ਵਿਚ ਹੋਈ। 1 ਜੁਲਾਈ 1964 ਨੂੰ ਜਨਮ ਤੇ ਨੈਸ਼ਨਲ ਡਿਫੈਂਸ ਅਕਾਦਮੀ ਦੇ ਵਿਦਿਆਰਥੀ ਰਹੇ ਲੈਫਟੀਨੈਂਟ ਜਨਰਲ ਦਿਵੇਦੀ ਸਾਲ 1984 ਵਿਚ ਫੌਜ ਦੀ ਜੰਮੂ-ਕਸ਼ਮੀਰ ਰਾਈਫਲਸ ਦੀ 18ਵੀਂ ਬਟਾਲੀਅਨ ਵਿਚ ਭਰਤੀ ਹੋਏ ਸਨ।
ਆਪਣੇ ਲਗਭਗ 40 ਸਾਲ ਦੇ ਕਰੀਅਰ ਵਿਚ ਕਈ ਮਹੱਤਵਪੂਰਨ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ। ਥਲ ਸੈਨਾ ਵਿਚ ਇਹ ਫੌਜ ਮੁਖੀ ਬਣਨ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਦਿਵੇਦੀ ਸੈਨਾ ਦੇ ਉੱਤਰੀ ਕਮਾਨ ਦੇ ਮੁਖੀ ਰਹਿ ਚੁੱਕੇ ਹਨ। ਉੱਤਰੀ ਕਮਾਨ ਦੇ 2022-24 ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੂਰਬੀ ਲੱਦਾਖ ਨੂੰ ਲੈ ਕੇ ਚੀਨ ਦੇ ਨਾਲ ਚੱਲ ਰਹੀ ਗੱਲਬਾਤ ਵਿਚ ਅਹਿਮ ਭੂਮਿਕਾ ਨਿਭਾਈ।ਫੌਜ ਦੇ ਉੱਤਰੀ ਕਮਾਨ ਦਾ ਕੰਮ ਚੀਨ ਨਾ ਲੱਗਦੀ ਸਰਹੱਦ ਦੀ ਸੁਰੱਖਿਆ ਤੇ ਪਾਕਿਸਤਾਨ ਨਾਲ ਲੱਗਦੀ ਭਾਰਤ ਦੀ ਸਰਹੱਦ ਦੀ ਸੁਰੱਖਿਆ ਕਰਨਾ ਹੈ। ਨਾਲ ਹੀ ਇਸ ਦੀ ਜੰਮੂ-ਕਸ਼ਮੀਰ ਵਿਚ ਅੱਤਵਾਦੀ ਵਿਰੋਧੀ ਮੁਹਿੰਮਾਂ ਵਿਚ ਵੀ ਅਹਿਮ ਭੂਮਿਕਾ ਰਹਿੰਦੀ ਹੈ। ਫੌਜ ਦੇ ਨਵੇਂ ਮੁਖੀ ਕੋਲ ਉੱਤਰੀ ਤੇ ਪੱਛਮੀ ਸੀਮਾਵਾਂ ਵਿਚ ਕੰਮ ਕਰਨ ਦਾ ਸ਼ਾਨਦਾਰ ਤਜਰਬਾ ਹੈ। ਉਨ੍ਹਾਂ ਕੋਲ ਅੱਤਵਾਦ ਖਿਲਾਫ ਲੜਨ ਦਾ ਤਜਰਬਾ ਹੈ। ਲੈਫਟੀਨੈਂਟ ਜਨਰਲ ਦਿਵੇਦੀ ਸੈਨਾ ਦੀ ਆਧੁਨਿਕੀਕਰਨ ਪ੍ਰਕਿਰਿਆ ਵਿਚ ਸ਼ਾਮਲ ਰਹੇ ਹਨ। ਨਾਲ ਹੀ ਉਨ੍ਹਾਂ ਨੇ ਆਤਮ ਨਿਰਭਰ ਭਾਰਤ ਵਜੋਂ ਫੌਜ ਵਿਚ ਸਵਦੇਸ਼ੀ ਹਥਿਆਰਾਂ ਨੂੰ ਸ਼ਾਮਲ ਕਰਾਉਣ ਵਿਚ ਵੀ ਅਗਵਾਈ ਕੀਤੀ ਹੈ।