ਦੇਸ਼ ਵਿਚ ਐਕਸਪ੍ਰੈਸ ਵੇ ਦਾ ਜਾਲ ਵਿਛਾਉਣ ਵਿਚ ਲੱਗੇ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਇਸ ਸਾਲ ਦੇ ਅਖੀਰ ਤੱਕ ਰਾਸ਼ਟਰੀ ਰਾਜਮਾਰਗਾਂ ਨੂੰ ਟੋਏ ਮੁਕਤ ਕਰਨ ਦੀ ਨੀਤੀ ‘ਤੇ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਸੜਕਾਂ ਦਾ ਨਿਰਮਾਣ ਬੀਓਟੀ ਰਾਹੀਂ ਕਰਨ ਨੂੰ ਵੀ ਪਹਿਲ ਦਿੱਤੀ ਜਾ ਰਹੀ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਇਸ ਸਾਲ ਦਸੰਬਰ ਦੇ ਅੰਤ ਤੱਕ ਰਾਸ਼ਟਰੀ ਰਾਜਮਾਰਗਾਂ ਨੂੰ ਟੋਏ-ਮੁਕਤ ਬਣਾਉਣ ਦੇ ਉਦੇਸ਼ ਨਾਲ ਪ੍ਰਦਰਸ਼ਨ-ਅਧਾਰਤ ਰੱਖ-ਰਖਾਅ ਅਤੇ ਥੋੜ੍ਹੇ ਸਮੇਂ ਦੇ ਰੱਖ-ਰਖਾਅ ਦੇ ਇਕਰਾਰਨਾਮੇ ਨੂੰ ਮਜ਼ਬੂਤ ਕਰਨ ਵਿੱਚ ਵੀ ਲੱਗਾ ਹੋਇਆ ਹੈ।
ਆਮ ਤੌਰ ‘ਤੇ ਸੜਕਾਂ ਦਾ ਨਿਰਮਾਣ 3 ਤਰ੍ਹਾਂ ਤੋਂ ਕੀਤਾ ਜਾਂਦਾ ਹੈ। ਇਸ ਵਿਚ ‘ਬਣਾਓ-ਚਲਾਓ-ਸੌਂਪ ਦਿਓ’ ਦੇ ਇਲਾਵਾ ਇੰਜੀਨੀਅਰਿੰਗ, ਖਰੀਦ ਤੇ ਨਿਰਮਾਣ ਤੇ ਹਾਈਬ੍ਰਿਡ ਇਮਊਨਿਟੀ ਮਾਡਲ ਸ਼ਾਮਲ ਹਨ। ਗਡਕਰੀ ਨੇ ਕਿਹਾ ਕਿ ਈਪੀਸੀ ਰਾਹੀਂ ਬਣਾਈ ਜਾਣ ਵਾਲੀਆਂ ਸੜਕਾਂ ਦੇ ਰੱਖ-ਰਖਾਅ ਦੀ ਲੋੜ ਕਾਫੀ ਪਹਿਲਾਂ ਪੈਣ ਲੱਗਦੀ ਹੈ। ਦੂਜੇ ਪਾਸੇ ਬੀਓਟੀ ਰਾਹੀਂ ਬਣਾਈਆਂ ਜਾਣ ਵਾਲੀਆਂ ਸੜਕਾਂ ਬੇਹਤਰ ਹੁੰਦੀਆਂ ਹਨ ਕਿਉਂਕਿ ਠੇਕੇਦਾਰ ਵੀ ਜਾਣਦਾ ਹੈ ਕਿ ਉਸ ਨੂੰ ਅਗਲੇ 15-20 ਸਾਲਾਂ ਤੱਕ ਰਖ-ਰਖਾਅ ਦੀ ਲਾਗਤ ਸਹਿਣ ਕਰਨੀ ਹੋਵੇਗੀ। ਇਸ ਲਈ ਵੱਡੇ ਪੈਮਾਨੇ ‘ਤੇ ਬੀਓਟੀ ਰਾਹੀਂ ਹੀ ਸੜਕਾਂ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।
ਬੀਓਟੀ ਪ੍ਰੋਜੈਕਟਾਂ ਵਿੱਚ, ਨਿੱਜੀ ਭਾਈਵਾਲ 20-30 ਸਾਲਾਂ ਦੀ ਮਿਆਦ ਵਿੱਚ ਪ੍ਰਾਜੈਕਟਾਂ ਦੀ ਵਿੱਤ, ਨਿਰਮਾਣ ਅਤੇ ਸੰਚਾਲਨ ਕਰਦੇ ਹਨ। ਫਿਰ ਉਹ ਹਾਈਵੇ ਉਪਭੋਗਤਾਵਾਂ ਤੋਂ ਫੀਸਾਂ ਜਾਂ ਟੋਲ ਰਾਹੀਂ ਆਪਣੇ ਨਿਵੇਸ਼ ਦੀ ਭਰਪਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਬਰਸਾਤ ਕਾਰਨ ਹਾਈਵੇਅ ਨੂੰ ਨੁਕਸਾਨ ਪਹੁੰਚਾਉਣ ਅਤੇ ਟੋਏ ਬਣਨ ਦੀ ਸੰਭਾਵਨਾ ਦੇ ਮੱਦੇਨਜ਼ਰ ਮੰਤਰਾਲਾ ਰਾਸ਼ਟਰੀ ਰਾਜ ਮਾਰਗਾਂ ਦਾ ਸੇਫਟੀ ਆਡਿਟ ਕਰ ਰਿਹਾ ਹੈ।
ਗਡਕਰੀ ਨੇ ਕਿਹਾ ਕਿ ਇਹ ਨਿਸ਼ਚਿਤ ਕਰਨ ਲਈ ਇਕ ਨੀਤੀ ਬਣਾਈ ਜਾ ਰਹੀ ਹੈ ਕਿ ਰਾਸ਼ਟਰੀ ਰਾਜਮਾਰਗ ਟੋਇਆਂ ਤੋਂ ਮੁਕਤ ਹੋਵੇ। ਇਸ ਯੋਜਨਾ ਨੂੰ ਸਫਲ ਬਣਾਉਣ ਲਈ ਯੁਵਾ ਇੰਜੀਨੀਅਰ ਨੂੰ ਨਾਲ ਲਿਆ ਜਾਵੇਗਾ। ਇਸ ਮੌਕੇ ਆਵਾਜਾਈ ਤੇ ਰਾਜਮਾਰਗ ਸਕੱਤਰ ਅਨੁਰਾਗ ਜੈਨ ਨੇ ਕਿਹਾ ਕਿ ਮੰਤਰਾਲੇ ਨੇ 1,46,000 ਕਿਲੋਮੀਟਰ ਲੰਬੇ ਸਮੁੱਚੇ ਰਾਸ਼ਟਰੀ ਰਾਜਮਾਰਗ ਨੈਟਵਰਕ ਦੀ ਮੈਪਿੰਗ ਕਰ ਲਈ ਹੈ ਤੇ ਇਸ ਸਾਲ ਦਸੰਬਰ ਤੱਕ ਟੋਇਆਂ ਨੂੰ ਹਟਾਉਣ ਲਈ ਪ੍ਰਦਰਸ਼ਨ ਆਧਾਰਿਤ ਰਖ-ਰਖਾਅ ਅਤੇ ਥੋੜ੍ਹੇ ਸਮੇਂ ਦੇ ਰੱਖ-ਰਖਾਅ ਦੇ ਇਕਰਾਰਨਾਮੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।