ਪਿਛਲੇ 2 ਹਫਤੇ ਤੋਂ ਬੰਦ ਸਕੂਲ ਅੱਜ ਤੋਂ ਖੁੱਲ੍ਹਣ ਜਾ ਰਹੇ ਹਨ ਅਤੇ ਨਵੇਂ ਸਾਲ ਦਾ ਇਹ ਪਹਿਲਾ ਦਿਨ ਹੋਵੇਗਾ, ਜਦੋਂ ਬੱਚੇ ਸਕੂਲ ਜਾਣਗੇ। ਵੈਸੇ ਮੰਗਲਵਾਰ ਨੂੰ ਪੂਰਾ ਦਿਨ ਸਕੂਲ ਸੰਚਾਲਕਾਂ ਨੂੰ ਉਮੀਦ ਸੀ ਕਿ ਸਰਕਾਰ ਹਰ ਵਾਰ ਦੀ ਤਰ੍ਹਾਂ ਫਿਰ ਛੁੱਟੀਆਂ ਵਧਾਵੇਗੀ। ਇਸ ਲਈ ਸਕੂਲ ਪ੍ਰਿੰਸੀਪਲ ਦਿਨ ਭਰ ਇਕ-ਦੂਜੇ ਤੋਂ ਸਕੂਲ ਸਿੱਖਿਆ ਵਿਭਾਗ ਦੇ ਛੁੱਟੀਆਂ ਵਧਾਉਣ ਬਾਰੇ ਕਿਸੇ ਪੱਤਰ ਦੇ ਜਾਰੀ ਹੋਣ ਦੀ ਸੂਚਨਾ ਲੈਂਦੇ ਰਹੇ ਪਰ ਦੇਰ ਰਾਤ ਤਕ ਵੀ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ।
ਅੱਜ ਧੁੰਦ ਤੇ ਸੀਤ ਲਹਿਰ ਦੇ ਪ੍ਰਕੋਪ ਵਿਚ ਬੱਚੇ ਸਕੂਲ ਜਾ ਰਹੇ ਹਨ। ਮੌਸਮ ਵਿਭਾਗ ਵਲੋਂ ਅਗਲੇ ਕੁਝ ਦਿਨਾਂ ਤਕ ਮੀਂਹ ਪੈਣ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
ਠੰਢ ਅਤੇ ਸੰਘਣੀ ਧੁੰਦ ਦੇ ਪ੍ਰਕੋਪ ਦੇ ਮੱਦੇਨਜ਼ਰ, ਯੂਟੀ ਚੰਡੀਗੜ੍ਹ ਦੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦਾ ਸਮਾਂ 11 ਜਨਵਰੀ, 2025 ਤੱਕ ਬਦਲ ਦਿੱਤਾ ਗਿਆ ਹੈ।
ਚੰਡੀਗੜ੍ਹ ਸਿੱਖਿਆ ਵਿਭਾਗ ਦੇ ਜਾਰੀ ਹੁਕਮਾਂ ਅਨੁਸਾਰ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ 11 ਜਨਵਰੀ ਤੱਕ ਫਿਜ਼ੀਕਲ ਤੌਰ ‘ਤੇ ਕਲਾਸਾਂ ਨਹੀਂ ਲੱਗਣਗੀਆਂ ਅਤੇ ਸਕੂਲ ਸਵੇਰੇ 9 ਵਜੇ ਤੋਂ ਔਨਲਾਈਨ ਕਲਾਸਾਂ ਲਗਾ ਸਕਦੇ ਹਨ ਅਤੇ ਉਸ ਅਨੁਸਾਰ ਸਟਾਫ ਦੇ ਸਮੇਂ ਨੂੰ ਵਿਵਸਥਿਤ ਕਰਨਗੇ।
ਪ੍ਰੀ-ਬੋਰਡ ਇਮਤਿਹਾਨਾਂ ਕਾਰਨ, ਜੇਕਰ ਲੋੜ ਪਈ ਤਾਂ ਸਕੂਲ ਸਵੇਰੇ 9 ਵਜੇ ਖੁੱਲ੍ਹ ਸਕਦੇ ਹਨ। ਅਧਿਆਪਕਾਂ ਦਾ ਸਮਾਂ ਵੀ ਲੋੜ ਅਨੁਸਾਰ ਬਦਲਿਆ ਜਾਵੇਗਾ। ਇਹ ਹੁਕਮ ਡਾਇਰੈਕਟਰ ਸਿੱਖਿਆ, ਯੂਟੀ ਚੰਡੀਗੜ੍ਹ ਵੱਲੋਂ ਜਾਰੀ ਕੀਤੇ ਗਏ ਹਨ।