ਜਲੰਧਰ:10 ਨਵੰਬਰ (ਵਿੱਕੀ ਸੂਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਸਿਵਿਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਕਨਵੀਨਰ ਕੁਲਦੀਪ ਵਾਲੀਆ ਨੇ ਪ੍ਰੈਸ ਨੂੰ ਦਿੱਤੇ ਬਿਆਨ ਵਿੱਚ ਕੀਤਾ। ਉਹਨਾਂ ਨੇ ਅੱਗੇ ਦੱਸਿਆ ਕਿ ਮੀਟਿੰਗ ਵਿੱਚ ਸੂਬਾ ਕਨਵੀਨਰ ਜਸਵੀਰ ਸਿੰਘ ਤਲਾਵਾੜਾ, ਸੂਬਾ ਸਕੱਤਰ ਜਰਨੈਲ ਸਿੰਘ ਪੱਟੀ,ਸੂਬਾ ਕੋ ਕਨਵੀਨਰ ਜਸਵਿੰਦਰ ਸਿੰਘ ਜੱਸਾ ਪਿਸ਼ੌਰੀਆ, ਰਣਬੀਰ ਉੱਪਲ ,ਸੂਬਾ ਜੁਆਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਅਤੇ ਸੂਬਾ ਵਿੱਤ ਸਕੱਤਰ ਵਰਿੰਦਰ ਵਿੱਕੀ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਪੱਖ ਜ਼ੋਰਦਾਰ ਢੰਗ ਨਾਲ਼ ਚੁੱਕਿਆ । ਵਿੱਤ ਮੰਤਰੀ ਜੀ ਨੇ ਦੱਸਿਆ ਕਿ ਆਉਣ ਵਾਲੀ 20 ਨਵੰਬਰ ਨੂੰ ਵਿੱਤ ਲਿਕਯੂਡੀਏਸ਼ਨ ਕਮੇਟੀ ਦੀ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ,ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਲਾਗੂ ਕਰਨ ਬਾਰੇ ਅੰਤਿਮ ਫੈਸਲਾ ਲੈ ਸਕੇਗੀ ।

ਜਿਸ ‘ਤੇ ਆਗੂਆਂ ਵੱਲੋਂ ਸਰਕਾਰ ਦੀ ਡੰਗ ਟਪਾਊ ਨੀਤੀ ‘ਤੇ ਰੋਸ ਜਾਹਰ ਕਰਨ ਤੇ ,ਵਿੱਤ ਮੰਤਰੀ ਵੱਲੋਂ 12-12-2023 ਨੂੰ ਦੁਬਾਰਾ ਪੈਨਲ ਮੀਟਿੰਗ ਦਿੱਤੀ ਗਈ । ਇਸ ਤੋ ਬਾਅਦ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਆਪਣੇ ਪਹਿਲਾਂ ਦਿੱਤੇ ਸਾਰੇ ਐਕਸ਼ਨ ਲਾਗੂ ਕੀਤੇ ਜਾਣਗੇ , ਅਤੇ ਜੇਕਰ ਸਰਕਾਰ ਫੇਰ ਵੀ ਢਿੱਲ ਮੱਠ ਦੀ ਨੀਤੀ ਤੇ ਚਲਦੀ ਹੈ ਤਾਂ ਹੋਰ ਤਿੱਖੇ ਐਕਸਨ ਉਲੀਕੇ ਜਾਣਗੇ।