ਫਰੀਦਕੋਟ, 16 ਜਨਵਰੀ (ਪ੍ਰਬੋਧ ਸ਼ਰਮਾ) ਦੇਸ਼ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਦੇਸ਼ ਦਿਨੋਂ ਦਿਨ ਤਰੱਕੀ ਦੀਆਂ ਬੁਲੰਦੀਆਂ ਨੂੰ ਛੂੰਹਦਾ ਜਾ ਰਿਹਾ ਹੈ। ਹਰ ਖੇਤਰ ਵਿਚ ਸਾਰੀ ਦੁਨੀਆ ਅੰਦਰ ਭਾਰਤ ਦਾ ਨਾਮ ਦਿਨੋਂ ਦਿਨ ਚਮਕਦਾ ਜਾ ਰਿਹਾ ਹੈ। ਅਜੋਕੇ ਸਮੇਂ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਸਦਕਾ ਦੇਸ਼ ਨੇ ਸਾਰੀ ਦੁਨੀਆ ਵਿਚ ਵਿਸ਼ੇਸ਼ ਸ਼ਲਾਘਾਯੋਗ ਸਥਾਨ ਬਣਾ ਲਿਆ ਹੈ। ਸਾਰੀ ਦੁਨੀਆ ਭਾਰਤ ਵੱਲੋਂ ਕੀਤੀ ਗਈ ਤਰੱਕੀ ਦੀ ਕਾਇਲ ਹੈ। ਜਿਕਰਯੋਗ ਹੈ ਕਿ ਆਉਂਦੀ 22 ਜਨਵਰੀ ਨੂੰ ਅਯੁੱਧਿਆ ਦੇ ਸ੍ਰੀ ਰਾਮ ਮੰਦਰ ਵਿਖੇ ਰਾਮ ਲੱਲਾ ਪ੍ਰਾਣ ਪ੍ਰਤੀਸ਼ਠਾਨ ਦਾ ਆਯੋਜਨ ਕੀਤਾ ਜਾਵੇਗਾ। ਇਸ ਯਾਦਗਾਰੀ ਅਤੇ ਗੌਰਵ ਪੂਰਨ ਆਯੋਜਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਸਮੁੱਚੀ ਅਯੁੱਧਿਆ ਨਗਰੀ ਨੂੰ ਨਵਾਂ ਰੂਪ ਦੇ ਕੇ ਪੂਰੀ ਤਰ੍ਹਾਂ ਸ਼ਿੰਗਾਰਿਆ ਗਿਆ ਹੈ। ਸ਼ਰਧਾਲੂਆਂ ਦੇ ਠਹਿਰਣ ਲਈ ਸਰਕਾਰ ਅਤੇ ਹੋਰਨਾਂ ਅਦਾਰਿਆਂ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਆਵਾਜਾਈ ਨੂੰ ਕੰਟਰੋਲ ਕਰਨ ਲਈ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤੇ ਗਏ ਹਨ। ਸਾਰੇ ਦੇਸ਼ ਵਿਚ ਰਾਮ ਲੱਲਾ ਪ੍ਰਾਣ ਪ੍ਰਤੀਸ਼ਠਾਨ ਸਦਕਾ ਖੁਸ਼ੀ ਅਤੇ ਉਤਸਵ ਦਾ ਮਹੌਲ ਹੈ। ਹਰ ਵਿਅਕਤੀ ਨੂੰ ਇਸ ਦਿਨ ਦਾ ਬੇਸਬਰੀ ਨਾਲ ਇੰਤਜਾਰ ਹੈ। ਰਾਮ ਭਗਤਾਂ ਦੇ ਮਨ ਖੁਸ਼ੀਆਂ ਨਾਲ ਗਦ ਗਦ ਹੋ ਰਹੇ ਹਨ। ਸਵੱਛ ਭਾਰਤ ਅਭਿਆਨ ਦੇ ਜਿਲ੍ਹਾ ਪ੍ਰਧਾਨ ਵਿਪਨ ਮਿੱਤਲ ਨੇ ਰਾਮ ਲੱਲਾ ਪ੍ਰਾਣ ਪ੍ਰਤੀਸ਼ਠਾਨ ਦਾ ਆਯੋਜਨ ਕੀਤੇ ਜਾਣ ਲਈ ਪ੍ਰਧਾਨ ਨਰਿੰਦਰ ਮੋਦੀ ਨੂੰ ਵਧਾਈ ਦਿਤੀ ਹੈ। ਅੱਜ ਇਥੇ ਉਨ੍ਹਾਂ ਨੇ ਕਿਹਾ ਹੈ ਕਿ ਆਉਣ ਵਾਲੀ 22 ਜਨਵਰੀ ਵਾਲੇ ਸਮੁੱਚੀ ਇਤਿਹਾਸ ਦਿਨ ਵਜੋਂ ਜਾਣਿਆ ਜਾਵੇਗਾ। ਜਿਲ੍ਹਾ ਪ੍ਰਧਾਨ ਮਿੱਤਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਬੇਹੱਦ ਧਾਰਮਿਕ ਆਸਥਾ ਵਾਲੇ ਇਸ ਪਵਿੱਤਰ ਦਿਨ ਆਉਂਦੀ 22 ਜਨਵਰੀ ਸੋਮਵਾਰ ਨੂੰ ਸਮੁੱਚੇ ਪੰਜਾਬ ਅੰਦਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਜਾਵੇ ਤਾਂ ਜੋ ਹਰ ਇੱਕ ਪੰਜਾਬ ਵਾਸੀ ਇਸ ਆਯੋਜਨ ਵਿਚ ਸ਼ਾਮਲ ਹੋ ਸਕੇ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਇਸ ਦਿਨ ਸਾਰੇ ਪੰਜਾਬ ਅੰਦਰ ਅੰਡੇ, ਮੀਟ, ਮਾਸ ਅਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਲਈ ਹੁਕਮ ਜਾਰੀ ਕੀਤੇ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਇਸ ਦਿਨ ਦੀ ਪਵਿੱਤਰਤਾ ਨੂੰ ਕਾਇਮ ਰੱਖਦੇ ਹੋਏ ਭਵਿੱਖ ਵਿਚ ਵੀ 22 ਜਨਵਰੀ ਨੂੰ ਸਰਕਾਰੀ ਛੁੱਟੀ ਕੀਤੀ ਜਾਵੇ। ਸ੍ਰੀ ਮਿੱਤਲ ਨੇ ਆਮ ਲੋਕਾਂ ਨੂੰ 22 ਜਨਵਰੀ ਵਾਲੇ ਦਿਨ ਆਪਣੇ ਘਰਾਂ ਵਿਚ ਦਿਵਾਲੀ ਵਾਂਗੂ ਦੀਵੇ ਜਗਾਉਣ ਅਤੇ ਭਗਵਾਨ ਰਾਮ ਦੀ ਪੂਜਾ ਕਰਨ ਦੀ ਅਪੀਲ ਵੀ ਕੀਤੀ ਹੈ।