ਅਦਾਲਤ ਨੇ ਦਿੱਤਾ ਸਟੇਅ, ਪੁਲਸ ਨਹੀਂ ਕਰਦੀ ਮਦਦ – ਪੀੜ੍ਹਤ
ਫਿਰੋਜ਼ਪੁਰ ( ਜਤਿੰਦਰ ਪਿੰਕਲ ) : ਅੱਜ ਇਥੇ ਸਤਲੁਜ ਪ੍ਰੈੱਸ ਕਲੱਬ ਫਿਰੋਜ਼ਪੁਰ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਬਸਤੀ ਅਕਾਲੀਆ ਵਾਲੀ ਦਾਖਲਾ ਪਿੰਡ ਚੁਗੱਤੇ ਵਾਲਾ ਦੇ ਵਾਸੀ ਲਖਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮਾਲਕੀ ਜ਼ਮੀਨ ਰਕਬਾ ਕਰੀਬ 1 ਕਨਾਲ 5 ਮਰਲੇ ਜਿਸ ਉੱਪਰ ਉਹਨਾਂ ਦਾ ਮਾਲਕੀ ਹੱਕ ਹੈ ਉਸ ਜਮੀਨ ‘ਤੇ ਉਹਨਾਂ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਪੁੱਤਰ ਬਲਵੰਤ ਸਿੰਘ, ਬਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਸਤੀ ਅਕਾਲੀਆ ਵਾਲੀ ਤਹਿਸੀਲ ਫਿਰੋਜ਼ਪੁਰ ਨੇ ਤਕਰੀਬਨ 1 ਸਾਲ ਤੋਂ ਕਬਜ਼ਾ ਕੀਤਾ ਹੋਇਆ ਹੈ ਅਤੇ ਪੁਲਸ ਰਾਜਨੀਤਿਕ ਦਬਾਅ ਦੇ ਚਲਦਿਆਂ ਅਦਲਤੀ ਸਟੇਅ ਹੋਣ ਦੇ ਬਾਵਜ਼ੂਦ ਵੀ ਕਬਜ਼ਾ ਨਹੀਂ ਛਡਵਾ ਰਹੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਦੱਸਿਆ ਕਿ ਉਪਰੋਕਤ ਦੋਸ਼ੀਆਂ ਨੇ ਕਰੀਬ 1 ਸਾਲ ਪਹਿਲਾਂ ਸਾਡੀ ਜਮੀਨ ਤੇ ਜ਼ਬਰਦਸਤੀ ਸਾਡੀ ਬੀਜੀ ਹੋਈ ਫ਼ਸਲ ਨੂੰ ਖਰਾਬ ਕਰਕੇ ਹੋਰ ਫ਼ਸਲ ਦੀ ਬਿਜਾਈ ਕਰ ਦਿੱਤੀ ਸੀ। ਇਸ ਸਬੰਧੀ ਜਦੋਂ ਅਸੀਂ ਥਾਣਾ ਆਰਿਫ ਕੇ ਪੁਲਿਸ ਨੂੰ ਇਸ ਸੰਬੰਧੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਤਾਂ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਦੋ ਅਸੀਂ ਆਪਣੀ ਜਮੀਨ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਦੂਜੀ ਧਿਰ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਜਦੋਂ ਅਸੀਂ ਹਲਕਾ ਵਿਧਾਇਕ ਨੂੰ ਸਾਡਾ ਫੈਸਲਾ ਕਰਾਉਣ ਦੀ ਬੇਨਤੀ ਕੀਤੀ ਤਾਂ ਉਹਨਾਂ ਨੇ ਪਾਰਟੀ ਦੇ 2-3 ਮੋਹਤਬਰ ਵਿਅਕਤੀਆਂ ਨੂੰ ਫੈਸਲਾ ਕਰਾਉਣ ਦੀ ਗੱਲ ਕਹੀ ਪਰ ਜਦੋ ਅਸੀਂ ਉਹਨਾਂ ਮੋਹਤਬਰ ਵਿਅਕਤੀਆਂ ਨੂੰ ਕਿਹਾ ਕਿ ਸਾਨੂੰ ਇਨਸਾਫ ਦਿਵਾਉਣ ਤਾਂ ਉਲਟਾ ਉਹ ਸਾਡੇ ਹੀ ਖਿਲਾਫ ਹੋ ਗਏ। ਇਸ ਮਾਮਲੇ ਨੂੰ ਅਸੀਂ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਲੈ ਕੇ ਵੀ ਗਏ। ਅਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇਨਸਾਫ ਦਿਵਾਉਣ ਲਈ ਬੇਨਤੀ ਕੀਤੀ ਅਤੇ ਉਹਨਾ ਨੂੰ ਕਿਹਾ ਕੇ ਇਸ ਜਮੀਨ ਦਾ ਮਾਲਕੀ ਹੱਕ ਸਾਡੇ ਕੋਲ ਹੈ ਅਤੇ ਮਾਨਯੋਗ ਅਦਾਲਤ ਨੇ ਵੀ ਸਾਡੇ ਹੱਕ ਵਿੱਚ ਸਟੇਅ ਦਿੱਤਾ ਹੋਇਆ ਹੈ ਅਸੀਂ ਮਾਨਯੋਗ ਅਦਾਲਤ ਦੇ ਫੈਸਲੇ ਦੀ ਕਾਪੀ ਵੀ ਉਹਨਾਂ ਨੂੰ ਦਿੱਤੀ ਪਰ ਇਸ ਸਭ ਦੇ ਬਾਵਜੂਦ ਵੀ ਸਾਡੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋਈ। ਅੱਜ ਅੱਕ ਕੇ ਅਸੀਂ ਪੱਤਰਕਾਰ ਭਾਈਚਾਰੇ ਦਾ ਸਹਿਯੋਗ ਲੈ ਰਹੇ ਹਾਂ।ਦੋਹਾਂ ਧਿਰਾਂ ਨੂੰ ਇਨਸਾਫ ਦਿੱਤਾ ਜਾਵੇਗਾ।
ਇਸ ਸਬੰਧੀ ਜਦੋਂ ਥਾਣਾ ਆਰਿਫ਼ ਕੇ ਦੇ ਮੁੱਖੀ ਇੰਸਪੈਕਟਰ ਜਸਵੰਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਲਖਵਿੰਦਰ ਸਿੰਘ ਵਾਲੀ ਧਿਰ ਨੂੰ ਅਸੀਂ ਨਿਸ਼ਾਨਦੇਹੀ ਕਰਾਉਣ ਲਈ ਕਿਹਾ ਹੈ ਅਤੇ ਪੁਲਸ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਜ਼ਰੂਰ ਦਿਵਾਏਗੀ। ਉਹਨਾ ਕਿਹਾ ਕਿ ਪੁਲਸ ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣ ਦੇਵੇਗੀ।