ਅੰਮ੍ਰਿਤਸਰ ਵਿੱਚ ਆਨਲਾਈਨ ਸੱਟੇ ਦੀ ਭੈੜੀ ਆਦਤ ਕਰਕੇ ਭਰਾ ਨੇ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਮੋਹਕਮਪੁਰਾ ਰਾਜੇਸ਼ ਨਗਰ ਦੀ ਹੈ। ਰਾਤ ਵੇਲੇ ਕੁੜੀ ਉਸ ਵੇਲੇ ਪੜ੍ਹਾਈ ਕਰ ਰਹੀ ਸੀ, ਉਸ ਨੇ ਆਪਣੇ ਤਾਏ ਦੇ ਮੁੰਡੇ ਨੂੰ ਚੋਰੀ ਕਰਦਿਆਂ ਫੜ ਲਿਆ, ਜਿਸ ਮਗਰੋਂ ਉਸ ਨੇ ਭੈਣ ਨੂੰ ਚਾਕੂ ਮਾਰ ਦਿੱਤਾ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪੁਲਿਸ ਨੇ ਨੌਜਵਾਨ ਨੂੰ ਹਿਰਾਸਤ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨ ਸੰਜੀਵ ਉਰਫ ਸੰਜੂ ਤੇ ਮ੍ਰਿਤਕਾ ਨਿਸ਼ਾ ਦੋਵੇਂ 22 ਸਾਲਾਂ BCA ਦੇ ਵਿਦਿਆਰਥੀ ਸਨ। ਦੋਵੇਂ 22 ਤਰੀਕ ਦੇ ਫਾਈਨਲ ਪੇਪਰਾਂ ਦੀ ਤਿਆਰੀ ਕਰ ਰਹੇ ਸਨ। ਘਟਨਾ ਵਾਲੀ ਰਾਤ ਨੂੰ ਲਗਭਗ ਸਾਢੇ 12 ਵਜੇ ਨਿਸ਼ਾ ਦੀ ਮਾਂ ਨੇ ਉਸ ਨੂੰ ਸੌਣ ਲਈ ਕਿਹਾ ਤਾਂ ਨਿਸ਼ਾ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੌਣ ਦੀ ਗੱਲ ਕਹੀ। ਸੰਜੂ ਜੋਕਿ ਆਨਲਾਈਨ ਸੱਟੇ ਦਾ ਆਦੀ ਸੀ, ਜਿਸ ਕਾਰਨ ਕਰਕੇ ਘਰ ਦੇ ਵਿੱਚੋਂ ਜਦੋਂ ਪੈਸੇ ਚੋਰੀ ਕਰਨ ਲੱਗਾ ਸੀ। ਨਿਸ਼ਾ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਤੇਜ਼ਧਾਰ ਚਾਕੂ ਨਾਲ ਉਸ ਦਾ ਕਤਲ ਕਰ ਦਿੱਤਾ। ਕਮਰੇ ਵਿਚੋਂ ਆਵਾਜ਼ ਸੁਣ ਕੇ ਪਰਿਵਾਰ ਉਥੇ ਪਹੁੰਚਿਆ, ਨਿਸ਼ਾ ਦੀ ਮੌਤ ਹੋ ਚੁੱਕੀ ਸੀ ਤੇ ਸੰਜੂ ਦੇ ਹੱਥ ਖੂਨ ਨਾਲ ਭਰੇ ਹੋਏ ਸਨ। ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਬੀਤੀ ਰਾਤ ਇਸ ਸਾਰੀ ਘਟਨਾ ਦੀ ਜਾਣਕਾਰੀ ਮਿਲੀ। ਅਸੀਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ। ਮੁੰਡਾ ਆਨਲਾਈਨ ਸੱਟੇ ਦਾ ਆਦੀ ਸੀ ਜਿਸ ਕਾਰਨ ਕਈ ਲੱਖਾਂ ਦਾ ਕਰਜ਼ਾਈ ਵੀ ਸੀ ਅਤੇ ਆਪਣੀ ਟੂ ਵ੍ਹੀਲਰ ਵੀ ਕਰਜੇ ਦੇ ਚੱਲਦੇ ਵੇਚ ਚੁੱਕਾ ਸੀ, ਜਿਸ ਦੇ ਚੱਲਦੇ ਰਾਤ ਵੀ ਘਰ ਵਿੱਚੋਂ ਚੋਰੀ ਕਰਨ ਲੱਗਾ ਸੀ, ਜਿਸ ਦੌਰਾਨ ਭੈਣ ਨੇ ਦੇਖ ਲਿਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਦੋਸ਼ੀ ਨੇ ਉਸ ਉਪਰ ਤੇਜ਼ਦਾਰ ਹਥਿਆਰ ਨਾਲ ਵਾਰ ਕੀਤੇ, ਜਿਸ ਨਾਲ ਕੁੜੀ ਦੀ ਮੌਤ ਹੋ ਗਈ।