ਚੰਡੀਗੜ੍ਹ ਦੇ ਏਲਾਂਟੇ ਮਾਲ ‘ਚ ਖਿਡੌਣਾ ਟਰੇਨ ਪਲਟਣ ਨਾਲ 11 ਸਾਲਾ ਬੱਚਾ ਹੇਠਾਂ ਡਿੱਗ ਗਿਆ। ਜਿਸ ਤੋਂ ਬਾਅਦ ਬੱਚੇ ਨੂੰ ਜੀਐਮਸੀਐਚ 32 ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਸਵੇਰੇ ਚਾਰ ਵਜੇ ਉਸ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ 11 ਸਾਲਾ ਸ਼ਾਹਬਾਜ਼ ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ। ਪੁਲਿਸ ਨੇ ਖਿਡੌਣਾ ਟਰੇਨ ਨੂੰ ਜ਼ਬਤ ਕਰ ਲਿਆ ਹੈ।ਜਤਿੰਦਰ ਪਾਲ ਦੀ ਸ਼ਿਕਾਇਤ ‘ਤੇ ਇੰਡਸਟਰੀਅਲ ਏਰੀਆ ਥਾਣੇ ਦੀ ਪੁਲਿਸ ਨੇ ਖਿਡੌਣਾ ਟਰੇਨ ਦੇ ਸੰਚਾਲਕ ਸੌਰਭ, ਵਾਸੀ ਬਾਪੂ ਧਾਮ ਅਤੇ ਕੰਪਨੀ ਦੇ ਮਾਲਕਾਂ ਖਿਲਾਫ ਗਲਤ ਇਰਾਦੇ ਅਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਹੈ। ਪੁਲਿਸ ਨੇ ਏਲਾਂਟੇ ਮਾਲ ਦੇ ਅੰਦਰੋਂ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਲਈ ਹੈ। ਬੱਚਾ ਖਿਡੌਣਾ ਟਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰਦਾ ਦੇਖਿਆ ਗਿਆ।

    ਜਾਂਚ ‘ਚ ਸਾਹਮਣੇ ਆਇਆ ਕਿ ਹਾਦਸੇ ਸਮੇਂ ਖਿਡੌਣਾ ਟਰੇਨ ‘ਚ ਸਿਰਫ ਦੋ ਬੱਚੇ ਹੀ ਬੈਠੇ ਸਨ। ਜਤਿੰਦਰ ਪਾਲ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਖਿਡੌਣਾ ਟਰੇਨ ਦੇ ਡਰਾਈਵਰ ਸੌਰਭ ਅਤੇ ਖਿਡੌਣਾ ਟਰੇਨ ਚਲਾਉਣ ਵਾਲੀ ਕੰਪਨੀ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਬੱਚੇ ਦੀ ਮੌਤ ਹੋ ਗਈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਚਿਆਂ ਦੀ ਖਿਡੌਣਾ ਟਰੇਨ ਚਲਾਉਣ ਦਾ ਠੇਕਾ ਐਲਾਂਟੇ ਮਾਲ ਨੇ ਕੰਪਨੀ ਨੂੰ ਦਿੱਤਾ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਨਵਾਂਸ਼ਹਿਰ ਨਿਵਾਸੀ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਆਪਣੇ ਦੋ ਬੱਚਿਆਂ, ਪਤਨੀ ਅਤੇ ਚਚੇਰੇ ਭਰਾ ਨਵਦੀਪ ਦੇ ਪਰਿਵਾਰ ਨਾਲ ਚੰਡੀਗੜ੍ਹ ਮਿਲਣ ਆਇਆ ਸੀ। ਸ਼ਨੀਵਾਰ ਰਾਤ ਕਰੀਬ 8 ਵਜੇ ਦੋਵੇਂ ਪਰਿਵਾਰਕ ਮੈਂਬਰ ਸੈਰ ਕਰਨ ਅਤੇ ਖਰੀਦਦਾਰੀ ਕਰਨ ਲਈ ਏਲਾਂਟੇ ਮਾਲ ਪਹੁੰਚੇ।

    ਮਾਲ ਦੇ ਅੰਦਰ ਗਰਾਊਂਡ ਫਲੋਰ ‘ਤੇ ਖਿਡੌਣਾ ਟਰੇਨ ਨੂੰ ਦੇਖ ਕੇ 11 ਸਾਲਾ ਸ਼ਾਹਬਾਜ਼ ਅਤੇ ਨਵਦੀਪ ਦੇ ਬੇਟੇ ਨੇ ਉਸ ‘ਚ ਝੂਲਾ ਲੈਣ ਲਈ ਕਿਹਾ। ਜਤਿੰਦਰ ਅਤੇ ਨਵਦੀਪ ਦੋਵੇਂ ਬੱਚਿਆਂ ਨੂੰ ਖਿਡੌਣਾ ਟਰੇਨ ਵਿੱਚ ਝੂਲੇ ਦੇਣ ਲਈ ਰਾਜ਼ੀ ਹੋ ਗਏ। ਜਤਿੰਦਰ ਪਾਲ ਨੇ ਦੋਵਾਂ ਬੱਚਿਆਂ ਦੀ ਸਵਾਰੀ ਲਈ 400 ਰੁਪਏ ਦਿੱਤੇ ਪਰ ਚਾਲਕ ਨੇ ਪਰਚੀ ਨਹੀਂ ਦਿੱਤੀ। ਸ਼ਾਹਬਾਜ਼ ਅਤੇ ਦੂਜਾ ਬੱਚਾ ਟਰਾਈ ਟਰੇਨ ਦੇ ਆਖਰੀ ਡੱਬੇ ਵਿੱਚ ਬੈਠੇ ਸਨ। ਆਪਰੇਟਰ ਸੌਰਵ ਟਰੌਏ ਨੇ ਟਰੇਨ ‘ਚ ਬੈਠੇ ਬੱਚਿਆਂ ਨੂੰ ਝੂਲੇ ਦੇਣ ਲਈ ਟਰੇਨ ਦੀ ਗਰਾਊਂਡ ਫਲੋਰ ‘ਤੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ।ਇਸ ਦੌਰਾਨ ਅਚਾਨਕ ਖਿਡੌਣਾ ਟਰੇਨ ਦਾ ਸੰਤੁਲਨ ਵਿਗੜ ਗਿਆ ਤਾਂ ਪਿਛਲਾ ਡੱਬਾ ਪਲਟ ਗਿਆ। ਬੱਚੇ ਦਾ ਸਿਰ ਕੰਪਾਰਟਮੈਂਟ ਦੀ ਖਿੜਕੀ ਤੋਂ ਬਾਹਰ ਆ ਕੇ ਫਰਸ਼ ਨਾਲ ਜ਼ੋਰ ਨਾਲ ਟਕਰਾ ਗਿਆ। ਸਿਰ ‘ਤੇ ਸੱਟ ਲੱਗਣ ਕਾਰਨ ਖੂਨ ਵਗਣਾ ਸ਼ੁਰੂ ਹੋ ਗਿਆ, ਜਦਕਿ ਨਵਦੀਪ ਦਾ ਬੱਚਾ ਵਾਲ-ਵਾਲ ਬਚ ਗਿਆ।