ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅਕਾਲੀ ਆਗੂ ਤੇ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਉਹਨਾਂ (ਕਾਲਕਾ) ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗੁਰਦੇਵ ਸਿੰਘ ਕਾਉਂਕੇ ਦੀ ਬਰਸੀ ਮਨਾਉਣ ’ਤੇ ਸਵਾਲ ਚੁੱਕਣ ਤੋਂ ਪਹਿਲਾਂ ਸਰਦਾਰ ਸਰਨਾ ਕੌਮ ਨੂੰ ਇਹ ਦੱਸਣ ਕਿ ਜਿੰਨੇ ਸਾਲ ਉਹ ਪ੍ਰਧਾਨ ਰਹੇ ਤੇ ਉਸ ਤੋਂ ਬਾਅਦ ਵੀ ਅੱਜ ਤੱਕ ਉਹਨਾਂ ਜਥੇਦਾਰ ਕਾਉਂਦੇ ਦਾ ਆਪਣੀ ਜ਼ੁਬਾਨ ਤੋਂ ਨਾਂ ਤੱਕ ਕਿਉਂ ਨਹੀਂ ਲਿਆ ?
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਸਰਦਾਰ ਪਰਮਜੀਤ ਸਿੰਘ ਸਰਨਾ ਦੀ ਬੌਖਲਾਹਟ ਨੂੰ ਉਹ ਅਤੇ ਸਾਰੀ ਸਿੱਖ ਕੌਮ ਸਮਝਦੀ ਹੈ ਕਿਉਂਕਿ ਹੁਣ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਕਾਉਂਕੇ ਦੀ ਬਰਸੀ ਮਨਾਉਣ ਤੇ ਪੰਜਾਂ ਤਖ਼ਤਾਂ ਸਾਹਿਬਾਨ ਦੇ ਜਥੇਦਾਰ ਨੂੰ ਸੱਦਣ ਦੀ ਗੱਲ ਕੀਤੀ ਤਾਂ ਸਰਦਾਰ ਸਰਨਾ ਨੂੰ ਇਹ ਡਰ ਪੈ ਗਿਆ ਹੈ ਕਿ ਉਹਨਾਂ ਨੂੰ ਕੌਮ ਨੂੰ ਜਵਾਬ ਦੇਣਾ ਪਵੇਗਾ ਕਿ ਇਹ ਬਰਸੀ ਮਨਾਉਣ ਤੇ ਜਥੇਦਾਰ ਕਾਉਂਕੇ ਨੂੰ ਯਾਦ ਕਰਨ ਦੀ ਗੱਲ ਉਹਨਾਂ ਦੇ ਦਿਮਾਗ ਵਿਚ ਕਿਉਂ ਨਹੀਂ ਆਈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਹੁਣ ਦਹਾਕਿਆਂ ਮਗਰੋਂ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਵਾਲੇ ਸਰਨਾ ਭਰਾ ਇਸ ਤੋਂ ਪਹਿਲਾਂ ਹਮੇਸ਼ਾ ਕਾਂਗਰਸ ਦੇ ਝੋਲੀ ਚੁੱਕ ਰਹੇ ਹਨ ਤੇ 1984 ਦੇ ਕਤਲੇਆਮ ਦੇ ਦੋਸ਼ੀਆਂ ਦਾ ਸਟੇਜਾਂ ’ਤੇ ਸਨਮਾਨ ਕਰਦੇ ਰਹੇ ਹਨ ਤੇ ਉਹਨਾਂ ਤੋਂ ਵੱਖ-ਵੱਖ ਕੰਮਾਂ ਦੇ ਠੇਕੇ ਲੈਂਦੇ ਰਹੇ ਹਨ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਕਾਰਜਕਾਲ ਦੌਰਾਨ ਉਹਨਾਂ ਸਿੱਖ ਕੌਮ ਦੇ ਮਸਲੇ ਕਦੇ ਵੀ ਨਹੀਂ ਵਿਚਾਰੇ। ਉਹਨਾਂ ਕਿਹਾ ਕਿ ਸਰਦਾਰ ਸਰਨਾ ਇਕ ਵਾਰ ਦਾ ਵੀ ਆਪਣਾ ਬਿਆਨ ਵਿਖਾ ਦੇਣ ਜਿਸ ਵਿਚ ਉਹਨਾਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਭੇਜਣ ਦੀ ਗੱਲ ਕੀਤੀ ਹੋਵੇ ਜਾਂ ਉਹਨਾਂ ਖਿਲਾਫ ਕੇਸ ਲੜਨ ਦੀ ਗੱਲ ਕੀਤੀ ਹੋਵੇ।
ਉਹਨਾਂ ਕਿਹਾ ਕਿ ਜਿਥੋਂ ਤੱਕ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਦਾ ਸਵਾਲ ਹੈ ਤਾਂ ਉਹ ਸਰਦਾਰ ਸਰਨਾ ਨੂੰ ਚੇਤੇ ਕਰਵਾ ਦੇਣ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਸਰਵਉਚ ਤਖ਼ਤ ਹੈ ਜਿਸਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਖੁਦ ਉਹਨਾਂ ਨੂੰ (ਕਾਲਕਾ ਨੂੰ) ਪੱਤਰ ਵੀ ਲਿਖਿਆ ਤੇ 5 ਮੈਂਬਰੀ ਕਮੇਟੀ ਵਿਚ ਸ਼ਾਮਲ ਵੀ ਕੀਤਾ। ਉਹਨਾਂ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਹਰ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਵਾਸਤੇ ਇਕ ਨਿਮਾਣੇ ਸਿੱਖ ਵੱਜੋਂ ਯਤਨਸ਼ੀਲ ਹਨ ਤੇ ਜ਼ਿੰਮੇਵਾਰੀ ਦੇ ਮਾਮਲੇ ਵਿਚ ਉਹਨਾਂ ਕੀ ਕੰਮ ਕੀਤਾ, ਇਸਦਾ ਜਵਾਬ ਉਹ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਦੇਣਗੇ ਨਾ ਕਿ ਉਹਨਾਂ ਵਰਗੇ ਸਿਆਸੀ ਆਗੂਆਂ ਨੂੰ ਜਿਹਨਾਂ ਨੂੰ ਕੌਮ ਵਾਰ-ਵਾਰ ਠੁਕਰਾ ਚੁੱਕੀ ਹੈ।