ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਦੋ ਸਾਲ ਪੂਰੇ ਹੋ ਗਏ ਹਨ। ਮੂਸੇਵਾਲਾ ਭਾਵੇਂ ਇਸ ਦੁਨੀਆ ‘ਚ ਨਹੀਂ ਹੈ ਪਰ ਉਹ ਅੱਜ ਵੀ ਅਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜ਼ਿੰਦਾ ਹੈ।ਉਹ ਆਪਣੀ ਮੌਤ ਤੋਂ ਪਹਿਲਾਂ ਹੀ ਇੰਨੇ ਗੀਤ ਰਿਕਾਰਡ ਕਰ ਚੁੱਕੇ ਹਨ ਕਿ ਆਉਣ ਵਾਲੇ ਕਈ ਸਾਲਾਂ ਤੱਕ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਗਾਇਕੀ ਨੂੰ ਸੁਣਦੇ ਰਹਿਣ ਦੇ ਨਾਲ-ਨਾਲ ਯੂਟਿਊਬ ‘ਤੇ ਰਿਕਾਰਡ ਬਣਾਉਂਦੇ ਰਹਿਣਗੇ।

    ਪੰਜਾਬੀ ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟਾਂ ਸਾਂਝੀਆਂ ਕਰਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ ਅਤੇ ਅੱਜ ਦੇ ਦਿਨ ਨੂੰ ‘ਬਲੈਕ ਡੇਅ’ ਵਜੋਂ ਮਨਾ ਰਹੇ ਹਨ। ਪੁੱਤ ਦੀ ਬਰਸੀ ‘ਤੇ ਮਾਤਾ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕੀਤੀ। ਪੋਸਟ ਵਿਚ ਮਾਤਾ ਨੇ ਦੱਸਿਆ ਕਿ “ਅੱਜ 730 ਦਿਨ ਗੁਜ਼ਰ ਗਏ।

    ਮੇਰੀਆਂ ਮੰਨਤਾਂ ਦਾ ਸੁੱਚਾ ਫਲ ਬਿਨਾਂ ਕਿਸੇ ਗੁਨਾਹ ਤੋਂ ਦੁਸ਼ਮਣਾਂ ਨੇ ਮੇਰੀ ਕੁੱਖ ’ਚੋਂ ਖੋਹ ਲਿਆ ਤੇ ਅਜਿਹਾ ਹਨੇਰਾ ਕੀਤਾ, ਜਿਸ ਮਗਰੋਂ ਉਮੀਦ ਦਾ ਸੂਰਜ ਚੜ੍ਹਨ ਦੀ ਉਮੀਦ ਖੁਦ ਉਮੀਦ ਨੂੰ ਵੀ ਨਹੀਂ ਸੀ ਪਰ ਗੁਰੂ ਮਹਾਰਾਜ ਨੇ ਮੇਰਾ ਪੁੱਤ ਮੈਨੂੰ ਦੁਬਾਰਾ ਬਖਸ਼ਿਆ। ਅਸੀਂ ਅਤੇ ਤੁਹਾਡਾ ਨਿੱਕਾ ਵੀਰ ਤੁਹਾਡੀ ਮੌਜੂਦਗੀ ਨੂੰ ਸਦਾ ਬਰਕਰਾਰ ਰੱਖਾਂਗੇ। ਅੱਜ ਦਾ ਦਿਨ ਬਹੁਤ ਔਖਾ ਹੈ”