ਪਤੰਜਲੀ ਆਯੁਰਵੈਦ ਲਿਮਿਟਡ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਸ ਨੇ ਉਨ੍ਹਾਂ 14 ਉਤਪਾਦਾਂ ਦੀ ਵਿਕਰੀ ਰੋਕ ਦਿੱਤੀ ਹੈ ਜਿਨ੍ਹਾਂ ਦੇ ਨਿਰਮਾਣ ਲਾਇਸੈਂਸ ਉੱਤਰਾਖੰਡ ਰਾਜ ਲਾਇਸੈਂਸਿੰਗ ਅਥਾਰਿਟੀ ਨੇ ਅਪਰੈਲ ’ਚ ਮੁਅੱਤਲ ਕਰ ਦਿੱਤੇ ਸਨ। ਕੰਪਨੀ ਨੇ ਜਸਟਿਸ ਹਿਮਾ ਕੋਹਲੀ ਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਦੱਸਿਆ ਕਿ ਉਸ ਨੇ 5,606 ਫਰੈਂਚਾਇਜ਼ੀ ਸਟੋਰਾਂ ਨੂੰ ਇਹ ਉਤਪਾਦ ਵਾਪਸ ਲੈਣ ਦਾ ਨਿਰਦੇਸ਼ ਦਿੱਤਾ ਹੈ। ਪਤੰਜਲੀ ਆਯੁਰਵੈਦ ਨੇ ਕਿਹਾ ਕਿ ਮੀਡੀਆ ਮੰਚਾਂ ਨੂੰ ਵੀ ਇਨ੍ਹਾਂ 14 ਉਤਪਾਦਾਂ ਦੇ ਸਾਰੇ ਇਸ਼ਤਿਹਾਰ ਵਾਪਸ ਲੈਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਬੈਂਚ ਨੇ ਪਤੰਜਲੀ ਆਯੁਰਵੈਦ ਨੂੰ ਦੋ ਹਫ਼ਤਿਆਂ ਅੰਦਰ ਇੱਕ ਹਲਫ਼ਨਾਮਾ ਦਾਇਰ ਕਰਕੇ ਇਹ ਦੱਸਣ ਦਾ ਨਿਰਦੇਸ਼ ਦਿੱਤਾ ਕਿ ਕੀ ਇਸ਼ਤਿਹਾਰ ਹਟਾਉਣ ਲਈ ਸੋਸ਼ਲ ਮੀਡੀਆ ਮੰਚਾਂ ਨੂੰ ਕੀਤੀ ਗਈ ਅਪੀਲ ’ਤੇ ਅਮਲ ਕੀਤਾ ਗਿਆ ਹੈ ਅਤੇ ਕੀ ਇਨ੍ਹਾਂ 14 ਉਤਪਾਦਾਂ ਦੇ ਇਸ਼ਤਿਹਾਰ ਵਾਪਸ ਲੈ ਲਏ ਗਏ ਹਨ। ਬੈਂਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਦਾਇਰ ਕੀਤੀ ਗਈ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਹੈ ਜਿਸ ਵਿੱਚ ਪਤੰਜਲੀ ’ਤੇ ਕੋਵਿਡ ਟੀਕਾਕਰਨ ਮੁਹਿੰਮ ਤੇ ਆਧੁਨਿਕ ਇਲਾਜ ਪ੍ਰਣਾਲੀਆਂ ਖ਼ਿਲਾਫ਼ ਭੰਡੀ ਪ੍ਰਚਾਰ ਕਰਨ ਦਾ ਦੋਸ਼ ਲਾਇਆ ਗਿਆ ਹੈ। ਬੈਂਚ ਦੇ ਕੇਸ ਦੀ ਅਗਲੀ ਸੁਣਵਾਈ ਲਈ 30 ਜੁਲਾਈ ਦੀ ਤਰੀਕ ਤੈਅ ਕੀਤੀ ਹੈ।