ਹੁਸ਼ਿਆਰਪੁਰ ਤੋਂ ਲਗਭਗ 12 ਕਿਲੋਮੀਟਰ ਦੂਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਲਹਿੰਦੇ ਪਾਸੇ ਇਤਿਹਾਸਿਕ ਬਜਰੋਰ (ਬਜਵਾੜਾ) ਦੀ ਜੂਹ ਵਿੱਚ ਮਹੱਤਵਪੂਰਨ ਇਤਿਹਾਸਿਕ ਅਸਥਾਨ ਗੁਰਦੁਆਰਾ ਹਰੀਆਂ ਵੇਲਾਂ ਸਸ਼ੋਭਿਤ ਹੈ। ਇਹ ਸੁਭਾਗ ਭਰੇ ਪਾਵਨ ਅਸਥਾਨ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ। ਅੱਜ ਕੱਲ ਇਹ ਪਵਿੱਤਰ ਇਤਿਹਾਸਿਕ ਅਸਥਾਨ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਧਰਮ ਪ੍ਰਚਾਰ ਅਤੇ ਰੂਹਾਨੀਅਤ ਸਾਂਝੀਵਾਲਤਾ ਦਾ ਮਹਾਨ ਅਦੁੱਤੀ ਕੇਂਦਰ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਦੀਨ ਦੁਖੀ ਗਰੀਬਾਂ ਦੀ ਸੇਵਾ ਸਰਬਤ ਦੇ ਭਲੇ ਲਈ ਸਿੱਖ ਪੰਥ ਦੀ ਚੜ੍ਹਦੀ ਕਲਾ ਵਾਸਤੇ ਸਵੇਰ ਸ਼ਾਮ ਗੁਰਬਾਣੀ ਦਾ ਪ੍ਰਵਾਹ ਚਲਦਾ ਰਹਿੰਦਾ ਹੈ। ਵਿਸ਼ਵ ਸ਼ਾਂਤੀ ਲਈ ਰੋਜ਼ਾਨਾ ਹੀ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਇਸ ਅਸਥਾਨ ਤੇ ਮੱਸਿਆ ਵਾਲੇ ਦਿਨ ਭਾਰੀ ਜੋੜ ਮੇਲਾ ਲੱਗਦਾ ਹੈ। ਪੰਥਕ ਸ਼ਹੀਦ ਜਥੇਬੰਦੀ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਜ਼ਿੰਦਾ ਸ਼ਹੀਦ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ, ਜੋ ਕਿ ਕਾਫੀ ਸਮੇਂ ਤੋਂ ਇਸ ਪਾਵਨ ਅਸਥਾਨ ਅਤੇ ਜਥੇਬੰਦੀ ਦੀ ਸੇਵਾ ਕਰਦਿਆਂ ਦੇਸ਼ ਵਿਦੇਸ਼ ਵਿੱਚ ਗੁਰਮਤਿ ਪ੍ਰਚਾਰ ਕਰਨ ਦਾ ਸਦਕਾ ਸਿੱਖ ਪੰਥ ਅਤੇ ਸੰਗਤਾਂ ਵਿੱਚ ਮਹੱਤਵਪੂਰਨ ਸਨਮਾਨ ਯੋਗ ਸਥਾਨ ਰੱਖਦੇ ਹਨ। ਅੱਧੀ ਸਦੀ ਤੋਂ ਇਸ ਅਸਥਾਨ ਦੇ ਮਾਘੀ ਦਾ ਜੋੜ ਮੇਲਾ ਅਤੇ ਵਿਸਾਖੀ ਦਿਹਾੜਾ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਇਤਿਹਾਸਿਕ ਅਸਥਾਨ ਦਾ ਪਵਿੱਤਰ ਇਤਿਹਾਸ ਸਿੱਖ ਫਲਸਫੇ ਵਿੱਚ ਮਹੱਤਤਾ ਯੋਗ ਅਹਿਮ ਸਥਾਨ ਰੱਖਦਾ ਹੈ ਗੁਰਦੁਆਰਾ ਹਰੀਆਂ ਵੇਲਾਂ ਉਹ ਪਵਿੱਤਰ ਭਾਗਾਂ ਭਰਿਆ ਸਥਾਨ ਹੈ ਜਿੱਥੇ ਕਿ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਨੇ ਆਪਣੇ ਮਹਿਲਾਂ ਅਤੇ 2200 ਘੋੜ ਸਵਾਰ ਯੋਧੇ ਸਿੱਖਾਂ ਸਮੇਤ ਗੁਰਦੁਆਰਾ ਵਿਖੇ ਲਿਖੇ ਇਤਿਹਾਸਕ ਬੋਰਡ ਅਨੁਸਾਰ 15 ਸਤੰਬਰ 1651 ਈਸਵੀ ਨੂੰ ਸ੍ਰੀ ਕੀਰਤਪੁਰ ਸਾਹਿਬ ਜੀ ਤੋਂ ਕਰਤਾਰਪੁਰ ਨੂੰ ਜਾਣਿਆ ਆਪਣੇ ਪਵਿੱਤਰ ਚਰਨ ਪਾਏ। ਇਤਿਹਾਸਿਕ ਹਵਾਲਿਆ ਅਨੁਸਾਰ ਇਸ ਅਸਥਾਨ ਤੇ ਇੱਕ ਪ੍ਰੇਮੀ ਸਿੱਖ ਸੰਤ ਬਾਬਾ ਪ੍ਰੇਮ ਦਾਸ ਪ੍ਰਜਾਪਤੀ ਬਲੱਗਣ ਨੇ ਗੁਰੂ ਜੀ ਦੇ ਘੋੜੇ ਨੂੰ ਆਪਣੇ ਘਰ ਦੇ ਬੂਹੇ ਸਾਹਮਣੇ ਹਰੀਆਂ ਵੇਲਾਂ ਜੜਾਂ ਤੋਂ ਪੁੱਟ ਕੇ ਖਵਾ ਦਿੱਤੀਆਂ ਗੁਰੂ ਜੀ ਨੇ ਆਪਣੇ ਰੱਜੇ ਘੋੜੇ ਨੂੰ ਵੇਖ ਬਾਬਾ ਜੀ ਤੋਂ ਪੁੱਛਿਆ ਕਿ ਬਾਬਾ ਜੀ ਸਾਡੇ ਘੋੜੇ ਨੂੰ ਬੜਾ ਤ੍ਰਿਪਤ ਤੇ ਪ੍ਰਸੰਨ ਕੀਤਾ ਹੈ ਇਸ ਨੂੰ ਤੁਸੀਂ ਕੀ ਖਵਾਇਆ ਹੈ ਤਾਂ ਬਾਬਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਮੈਂ ਗਰੀਬ ਨੇ ਇਸਨੂੰ ਕੀ ਖਵਾਉਣਾ ਹੈ ਇਹ ਜੰਗਲੀ ਵੇਲਾਂ ਹੀ ਖਵਾਈਆਂ ਹਨ ਸਤਿਗੁਰੂ ਜੀ ਇਹ ਸੁਣ ਕੇ ਬਹੁਤ ਪ੍ਰਸੰਨ ਹੋਏ ਉਸ ਸਮੇਂ ਆਪ ਜੀ ਨੇ ਘਰ ਵਿੱਚ ਆ ਕੇ ਬਾਬਾ ਜੀ ਨੂੰ ਇਹ ਵਰਦਾਨ ਬਖਸ਼ਿਸ਼ ਕਰਕੇ ਨਿਵਾਜਿਆ ਕਿ ਬਾਬਾ ਜੀ ਇਹ ਤੇਰੀਆਂ ਪੱਟੀਆਂ ਵੇਲਾਂ ਇੱਥੇ ਲੋਕ ਤੇ ਪਰਲੋਕ ਵਿੱਚ ਸਦਾ ਹੀ ਹਰੀਆਂ ਭਰੀਆਂ ਰਹਿਣਗੀਆਂ ਸੋ ਸਤਿਗੁਰਾਂ ਦੇ ਪਵਿੱਤਰ ਵਾਕਾਂ ਅਨੁਸਾਰ ਉਹ ਵੇਲਾ ਹੋਣ ਤੱਕ ਹਰੀਆਂ ਹਨ ਜਿਸ ਪਾਵਨ ਅਸਥਾਨ ਤੇ ਬੈਠ ਕੇ ਸਵੇਰ ਸ਼ਾਮ ਤਿੰਨ ਦਿਨ ਠਹਿਰ ਕੇ ਸੰਗਤਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ ਤੇ ਦੀਵਾਨ ਸਜਾਉਂਦੇ ਰਹੇ ਉਸ ਪਾਵਨ ਅਸਥਾਨ ਤੇ ਸੱਚਖੰਡ ਵਾਸੀ ਜਥੇਦਾਰ ਭਾਈ ਹਰਭਜਨ ਸਿੰਘ ਜੀ ਅਤੇ ਮੌਜੂਦਾ ਜਥੇਦਾਰ ਬਾਬਾ ਨਿਹਾਲ ਸਿੰਘ ਜੀ ਦੀ ਅਣਥੱਕ ਨਿਸ਼ਕਾਮ ਸੇਵਾ ਦਾ ਸਦਕਾ ਕਿ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਆਲੀ ਸ਼ਾਨ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਜਿਸ ਖਜੂਰ ਦੇ ਦਰਖਤ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨਿਆ ਸੀ ਉਹ ਖਜੂਰ ਦਾ ਦਰਖਤ ਵੀ ਹੁਣ ਤੱਕ ਗੁਰਦੁਆਰਾ ਦੇ ਨਜਦੀਕ ਸੁਸ਼ੋਭਿਤ ਹੈ ਪਾਵਨ ਅਸਥਾਨ ਗੁਰਦੁਆਰਾ ਸਾਹਿਬ ਜੀ ਤੋਂ ਇੱਕ ਫਰਲਾਮ ਚੜਦੇ ਵੱਲ ਜਲ ਦੀ ਘਾਟ ਨੂੰ ਵੇਖਦਿਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਕਰ ਕਮਲਾਂ ਨਾਲ ਧਰਤੀ ਵੀ ਤੀਰ ਮਾਰ ਕੇ ਜਲ ਦਾ ਪਵਿੱਤਰ ਚਸ਼ਮਾ ਪ੍ਰਗਟ ਕੀਤਾ। ਅੱਜ ਉਸ ਸਥਾਨ ਤੇ ਸਤਿਗੁਰੂ ਜੀ ਦੇ ਅਨਿਨ ਸੇਵਕ, ਪਰਉਪਕਾਰੀ ਮਹਾਂਪੁਰਖ ਸੰਤ ਬਾਬਾ ਨਿਹਾਲ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਸਰਬਤ ਦੀ ਭਲਿਆਈ ਤੇ ਪਰਉਪਕਾਰ ਵਾਸਤੇ ਬਹੁਤ ਹੀ ਰਮਣੀਕ ਸਰੋਵਰ ਬਣਾਇਆ ਹੋਇਆ ਹੈ। ਇਸ ਪਾਵਨ ਅਸਥਾਨ ਤੇ ਸੁਸ਼ੋਭਤ ਹੋ ਕੇ ਸਤਿਗੁਰੂ ਜੀ ਨੇ ਵਰ ਬਖਸ਼ਿਆ ਕਿ ਇਸ ਪਵਿੱਤਰ ਕ੍ਰਿਸ਼ਮਈ ਸਰੋਵਰ ਵਿੱਚ ਜੋ ਵੀ ਪ੍ਰਾਣੀ ਸ਼ਰਧਾ ਧਾਰ ਕੇ ਇਸ਼ਨਾਨ ਕਰੇਗਾ, ਉਸਦੇ ਸਾਰੇ ਰੋਗ ਦੂਰ ਹੋਣਗੇ। ਉਸ ਦੀਆਂ ਸ਼ੁਭਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਉਸਦਾ ਸੁੱਕਾ ਸਰੀਰ ਹਰਿਆ ਭਰਿਆ ਹੋ ਕੇ ਮੋਤੀਆਂ ਵਾਂਗ ਚਮਕੇਗਾ। ਜਿਸ ਕਰਕੇ ਇਹ ਮਹਾਨ ਮੁਕਤਦਾਨੀ ਤੀਰਥ ਦਾ ਨਾਮ ਮੋਤੀ ਸਰੋਵਰ ਕਰਕੇ ਜਗਤ ਵਿੱਚ ਪ੍ਰਸਿੱਧ ਹੈ।

    ਇਹ ਮਹਾਨ ਮੋਤੀ ਸਰੋਵਰ ਸਥਾਨ ਸੰਗਤਾਂ ਵਾਸਤੇ ਰੂਹਾਨੀ ਖਿੱਚ ਦਾ ਮਹੱਤਵਪੂਰਨ ਤੀਰਥ ਬਣਦਾ ਜਾ ਰਿਹਾ ਹੈ। ਇਤਿਹਾਸਿਕ ਪੱਖ ਅਨੁਸਾਰ ਪਹਿਲਾ 7 ਮਾਰਚ 1701 ਤੇ ਫਿਰ 1703 ਈਸਵੀ ਨੂੰ ਬੱਸੀ ਕਲਾਂ ਚੱਬੇਵਾਲ ਦੇ ਨਜ਼ਦੀਕ ਹਾਕਮ ਜਾਬਰ ਖਾਨ ਅਤੇ ਜ਼ਾਲਮ ਖਾਨ ਨੂੰ ਸੋਧਣ ਤੇ ਬ੍ਰਾਹਮਣ ਦੇਵਦਾਸ ਪਰਸਰਾਮ ਬਜਵਾੜੇ ਦੀ ਘਰਵਾਲੀ ਨੂੰ ਛਡਾਉਣ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ 100 ਸਿੰਘਾ ਸਹਿਤ ਸ੍ਰੀ ਅਨੰਦਪੁਰ ਸਾਹਿਬ ਤੋਂ ਮੁਬਾਰਕ ਚਰਨ ਪਾਏ ਜਿੱਥੇ ਆਪ ਜੀ ਨੇ ਕੁਝ ਸਮਾਂ ਆਸਨ ਲਾਇਆ ਉੱਥੇ ਗੁਰਦੁਆਰੇ ਦੇ ਨਜ਼ਦੀਕ ਦੱਖਣ ਵੱਲ ਨੀਲਾ ਨਿਸ਼ਾਨ ਸਾਹਿਬ ਥੜਾ ਸਾਹਿਬ ਉੱਤੇ ਸੁਭਾਇਮਾਨ ਹੋ ਰਿਹਾ ਹੈ। ਜਾਬਰ ਖਾਨ ਨਾਲ ਜੰਗ ਹੋਣ ਸਮੇਂ ਜੋ ਸਿੰਘ ਸ਼ਹੀਦ ਹੋ ਗਏ ਸਨ ਉਹਨਾਂ ਸਿੰਘਾਂ ਦਾ ਸਸਕਾਰ ਆਪ ਜੀ ਨੇ ਗੁਰਦੁਆਰਾ ਸ਼ਹੀਦਾਂ ਦੇ ਸਥਾਨ ਪਰ ਕਰਨਾ ਕੀਤਾ। ਇਸ ਪਵਿੱਤਰ ਅਸਥਾਨ ਗੁਰਦੁਆਰਾ ਹਰੀਆਂ ਵੇਲਾਂ ਤੋਂ 22 ਮਈ 1964 ਨੂੰ ਪੰਥਕ ਸ਼ਹੀਦ ਜਥੇਬੰਦੀ ਤਰਨਾ ਦਲ ਨਿਹੰਗ ਸਿੰਘਾਂ ਹਰੀਆਂ ਵੇਲਾਂ ਦੇ ਜਥੇਦਾਰ ਬਾਬਾ ਹਰਭਜਨ ਸਿੰਘ ਜੀ ਦੀ ਅਗਵਾਈ ਹੇਠ ਦਲ ਸਹਿਤ ਪਹੁੰਚ ਕੇ ਪਾਉਂਟਾ ਸਾਹਿਬ ਦੀ ਮਰਿਆਦਾ ਨੂੰ ਬਰਕਰਾਰ ਰੱਖਦੇ ਹੋਏ 11 ਨਿਹੰਗ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਇਤਿਹਾਸਿਕ ਅਸਥਾਨ ਤੇ 1949 ਈਸਵੀ ਨੂੰ ਦੇਸ਼ ਬਟਵਾਰੇ ਤੋਂ ਮਗਰੋਂ ਇੱਕ ਮਹਾਨ ਸੰਸਥਾ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਸਥਾਪਿਤ ਹੋਈ ਜਿਸਨੇ ਪੰਥ ਲਈ ਮਹਾਨ ਯੋਗਦਾਨ ਪਾਇਆ ਅਤੇ ਪੰਥਕ ਸੰਕਟ ਸਮੇਂ ਅਹਿਮ ਭੂਮਿਕਾ ਨਿਭਾਈ। ਇਤਿਹਾਸਕ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ, ਵਿਸ਼ਾਲ ਸੁੰਦਰ ਗੁੰਬਦ, ਮੋਤੀ ਸਰੋਵਰ ਦਾ ਨਿਰਮਾਣ ਤੇ ਭਰਪੂਰ ਜਲ, ਲੰਗਰ ਹਾਲ, ਸੁਖ-ਆਸਨ ਅਸਥਾਨ, ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸ਼ਹੀਦਾਂ ਅਤੇ ਦੋ ਵੱਡੇ ਨੀਲੇ ਨਿਸ਼ਾਨ ਸਾਹਿਬ ਤੇ ਪੰਜ ਛੋਟੇ ਨੀਲੇ ਨਿਸ਼ਾਨ ਸਾਹਿਬ ਝੂਲਦੇ, ਆਸ ਪਾਸ ਰਿਹਾਇਸ਼ੀ ਇਮਾਰਤਾਂ ਦਾ ਨਿਰਮਾਣ ਤੇ ਸ਼ਾਂਤਮਈ ਵਾਤਾਵਰਨ ਹੋਣ ਕਾਰਨ ਚਾਰ ਚੰਦ ਲਾਉਂਦੇ ਹਨ। ਇਸ ਅਸਥਾਨ ਵਿਖੇ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਲਾਨਾ ਜੋੜ ਮੇਲਾ ਹਰ ਸਾਲ ਬੜੀ ਸ਼ਰਧਾ ਸਹਿਤ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਵੱਲੋਂ ਮਨਾਇਆ ਜਾਂਦਾ ਹੈ। ਇਸ ਅਸਥਾਨ ਵਿਖੇ ਸ੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦਾਂ ਦਾ ਦਿਹਾੜਾ ਅਤੇ ਮਾਘੀ ਦਿਵਸ 14 ਜਨਵਰੀ 2025 ਦਿਨ ਮੰਗਲਵਾਰ ਨੂੰ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਸਹਿਤ ਮਨਾਇਆ ਜਾ ਰਿਹਾ।ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਾਮ ਦੇ 4 ਵਜੇ ਤੱਕ ਭਾਰੀ ਸਮਾਗਮ ਅਤੇ ਅੰਮ੍ਰਿਤ ਪ੍ਰਚਾਰ ਵੀ ਹੋਵੇਗਾ। ਗੁਰੂ ਕਾ ਲੰਗਰ ਰੋਜ਼ਾਨਾ ਦੀ ਤਰ੍ਹਾਂ ਅਤੁੱਟ ਵਰਤੇਗਾ।

     

    ਲੇਖਕ-ਗਿਆਨੀ ਰਣਧੀਰ ਸਿੰਘ ਸੰਭਲ (ਯੂ.ਕੇ.)